Punjab Farmers Arrest: ਜੇਲ੍ਹ ਭਰੋ ਅੰਦੋਲਨ ਤਹਿਤ 28 ਹੋਰ ਕਿਸਾਨ ਗ੍ਰਿਫ਼ਤਾਰ
ਭਾਕਿਯੂ ਏਕਤਾ ਸਿੱਧੂਪੁਰ ਦੇ ਆਗੂ ਨੇ ਮੋਹਣਜੀਤ ਸਿੰਘ ’ਤੇ ਪੁਲੀਸ ਤਸ਼ੱਦਦ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਏਕਤਾ ਸਿੱਧੂਪੁਰ ਵੱਲੋਂ ਸ਼ੁਰੂ ਕੀਤੇ ਗਏ ‘ਜੇਲ੍ਹ ਭਰੋ ਅੰਦੋਲਨ’ ਤਹਿਤ ਅੱਜ ਇੱਥੇ 28 ਹੋਰ ਕਿਸਾਨਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ, ਜਦੋਂ ਕਿ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪੰਜਾਬ ਸਰਕਾਰ ’ਤੇ ਕਿਸਾਨਾਂ ਨਾਲ ਗੱਲਬਾਤ ਦੇ ਪਹਿਲੇ ਗੇੜਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਾਇਆ।
28 ਕਿਸਾਨਾਂ ਦੇ ਜਥੇ ਨੂੰ ਵਿਦਾ ਕਰਨ ਮੌਕੇ ਬੋਲਦਿਆਂ ਕੋਟੜਾ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਐਗਰੀਕਲਚਰਲ ਡਿਵੈਲਪਮੈਂਟ ਬੈਂਕ (ਪੀ.ਏ.ਡੀ.ਬੀ.) ਦੀ ਕਥਿਤ ਧੱਕੇਸ਼ਾਹੀ ਖ਼ਿਲਫ਼ ਬੀਤੀ 30 ਮਾਰਚ ਤੋਂ ਚੱਲ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬੈਂਕ ਵੱਲੋਂ ਕਿਸਾਨਾਂ ਤੋਂ ਲਏ ਗਏ ਖ਼ਾਲੀ ਚੈੱਕ ਵਾਪਸ ਕੀਤੇ ਜਾਣ, ਵਪਾਰਕ ਬੈਂਕਾਂ ਦੀ ਤਰਜ਼ ’ਤੇ ਇੱਕ ਮੁੜ-ਨਿਪਟਾਰਾ (ਓ.ਟੀ.ਐੱਸ.) ਸਕੀਮ ਲਿਆਂਦੀ ਜਾਵੇ ਅਤੇ ਸ਼ੰਭੂ ਤੇ ਖਨੌਰੀ ਮੋਰਚੇ ਵਾਲੀ ਥਾਂ ਤੋਂ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਥਿਤ ਤੌਰ ’ਤੇ ਚੋਰੀ ਹੋਇਆ ਕਿਸਾਨਾਂ ਦਾ ਸਾਮਾਨ ਵਾਪਸ ਕੀਤਾ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਕਿਸਾਨ ਯੂਨੀਅਨਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਸੀ ਪਰ ਇਨ੍ਹਾਂ ਨੂੰ ਲਾਗੂ ਕਰਨ ਵਿੱਚ ਅਸਫ਼ਲ ਰਹੀ। ਇਸ ਦੀ ਬਜਾਏ ਫਰੀਦਕੋਟ ਮੋਰਚੇ ’ਤੇ ਪਹੁੰਚ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਜਿਸ ਕਾਰਨ ਐੱਸ.ਕੇ.ਐੱਮ. (ਗ਼ੈਰ-ਰਾਜਨੀਤਕ) ਦੇ ਕੌਮੀ ਕਨਵੀਨਰ ਅਤੇ ਭਾਕਿਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਯੂਨੀਅਨ ਨੂੰ ਇਸ ਸੰਘਰਸ਼ ਨੂੰ ਪੂਰਨ ‘ਜੇਲ੍ਹ ਭਰੋ ਅੰਦੋਲਨ’ ਵਿੱਚ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ। ਕੋਟੜਾ ਨੇ ਦੋਸ਼ ਲਾਇਆ ਕਿ ਹੁਣ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਵੀ ਡਰ ਰਹੀ ਹੈ।
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਦੂਸ਼ਿਤ ਖਾਣਾ ਅਤੇ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਉਹ ਅਤੇ ਕਈ ਹੋਰ ਕਿਸਾਨ ਬਿਮਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ਵਿੱਚ ਪਟਿਆਲਾ ਤੋਂ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਤੇ ਮਮਦੋਟ ਤੋਂ ਬਲਾਕ ਪ੍ਰਧਾਨ ਸੱਬ ਸਿੰਘ ਨੇ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜੋ ਕਿ ਜਾਰੀ ਹੈ।
ਕੋਟੜਾ ਨੇ ਸ਼ੇਰੋਂ ਪਿੰਡ ਦੇ ਮੋਹਣਜੀਤ ਸਿੰਘ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਜਨਤਕ ਦੌਰੇ ਦੌਰਾਨ ਦੂjੋਂ ਕਾਲਾ ਝੰਡਾ ਦਿਖਾਉਣ ਅਤੇ ਸਵਾਲ ਪੁੱਛਣ ’ਤੇ ਪੁਲੀਸ ਨੇ ਉਸ ਨਾਲ ਅਣਮਨੁੱਖੀ ਹਿਰਾਸਤੀ ਤਸ਼ੱਦਦ ਕੀਤਾ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਡੀ.ਐੱਸ.ਪੀ. ਅਤੇ ਥਾਣਾ ਮੁਖੀ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਸੰਵਿਧਾਨਕ ਫ਼ਰਜ਼ ਨਿਭਾਉਣ ਵਿੱਚ ਅਸਫ਼ਲ ਰਹਿਣ ’ਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਿਸੇ ਵੀ ਵਿਦੇਸ਼ੀ ਵਫ਼ਦ ਦੇ ਉਲਟ, ਸੂਬਾ ਸਰਕਾਰ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਆਏ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਪੁਲੀਸ ਨੇ ਸੀਨੀਅਰ ਅਧਿਕਾਰੀਆਂ ਦੀ ਹਜ਼ੂਰੀ ਵਿੱਚ ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਛਾਪੇ ਮਾਰ ਕੇ ਕਿਸਾਨਾਂ ਦਾ ਸਾਮਾਨ ਜ਼ਬਤ ਕਰ ਲਿਆ—ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਬਾਅਦ ਵਿੱਚ ਉਹ ਸਾਮਾਨ ਆਪ ਨੇਤਾਵਾਂ ਦੇ ਘਰਾਂ ਵਿੱਚੋਂ ਬਰਾਮਦ ਹੋਇਆ ਅਤੇ ਸਰਕਾਰੀ ਦਫ਼ਤਰਾਂ ਵਿੱਚ ਦੱਬ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ ਦੇ ਯੂਨੀਅਨ ਆਗੂ ਤੇ ਵਰਕਰ ਹਜ਼ਾਰ ਸਨ।

