DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Rain Relief: ਮੀਂਹ ਨੇ ਦਿੱਤੀ ਵੱਡੀ ਰਾਹਤ: ਪੰਜਾਬ ’ਚ ਬਿਜਲੀ ਦੀ ਮੰਗ ’ਚ ਰਿਕਾਰਡ ਗਿਰਾਵਟ

ਮਹੀਨਿਆਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ ਅੰਕੜਾ

  • fb
  • twitter
  • whatsapp
  • whatsapp
Advertisement

Punjab Rain Relief: ਪੰਜਾਬ ਵਿੱਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਲਗਾਤਾਰ 10,000 ਮੈਗਾਵਾਟ ਤੋਂ ਪਾਰ ਚੱਲ ਰਹੀ ਅਤੇ ਪਿਛਲੇ 15 ਦਿਨਾਂ ਦੌਰਾਨ ਕਈ ਵਾਰ 14,000 ਮੈਗਾਵਾਟ ਦਾ ਅੰਕੜਾ ਛੂਹਣ ਵਾਲੀ ਬਿਜਲੀ ਦੀ ਮੰਗ ਨੂੰ ਸੂਬੇ ਭਰ ਪਏ ਮੀਂਹ ਨੇ ਵੱਡੀ ਰਾਹਤ ਦਿੱਤੀ ਹੈ। ਸ਼ਨੀਵਾਰ ਨੂੰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬ ਨੇ ਨੈਸ਼ਨਲ ਗ੍ਰਿਡ ਤੋਂ ਆਪਣੇ 7500 ਮੈਗਾਵਾਟ ਦੇ ਤੈਅ ਸ਼ੈਡਿਊਲ ਵਿੱਚੋਂ 3752 ਮੈਗਾਵਾਟ ਬਿਜਲੀ ਘੱਟ ਲਈ (ਅੰਡਰ-ਡਰਾਅ ਕੀਤੀ), ਜੋ ਕਿ ਗਰਮੀਆਂ ਦੇ ਮੌਸਮ ਵਿੱਚ ਇੱਕ ਦੁਰਲੱਭ ਘਟਨਾ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਮੀਂਹ ਸਦਕਾ ਸ਼ਨੀਵਾਰ ਸਵੇਰੇ ਬਿਜਲੀ ਦੀ ਮੰਗ ਡਿੱਗ ਕੇ 4721 ਮੈਗਾਵਾਟ ਦੇ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ। 1 ਜੂਨ ਤੋਂ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ (ਪੈਡੀ ਸੀਜ਼ਨ) ਤੋਂ ਐਨ ਪਹਿਲਾਂ ਆਈ ਇਸ ਗਿਰਾਵਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਅਤੇ ਭਿਆਨਕ ਗਰਮੀ ਨਾਲ ਜੂਝ ਰਹੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਤਾਪਮਾਨ ਵਿੱਚ ਆਈ ਇਸ ਗਿਰਾਵਟ ਕਾਰਨ ਹੁਣ ਖਪਤਕਾਰਾਂ ਨੂੰ ਬਿਜਲੀ ਸਨੈਗਸ ਅਤੇ ਅਣਐਲਾਨੇ ਜਾਂ ਐਲਾਨੇ ਕੱਟਾਂ ਤੋਂ ਨਿਜਾਤ ਮਿਲੇਗੀ।

Advertisement

ਸ਼ਨੀਵਾਰ ਸਵੇਰੇ 8.30 ਵਜੇ ਬਿਜਲੀ ਦੀ ਮੰਗ 8650 ਮੈਗਾਵਾਟ ਦਰਜ ਕੀਤੀ ਗਈ ਸੀ, ਜੋ ਦਿਨ ਚੜ੍ਹਦਿਆਂ ਹੀ ਲਗਾਤਾਰ ਘਟਦੀ ਗਈ ਅਤੇ ਦੁਪਹਿਰ ਤੱਕ ਇਸ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ 4721 ਮੈਗਾਵਾਟ ’ਤੇ ਪਹੁੰਚ ਗਈ। ਮੰਗ ਵਿੱਚ ਆਈ ਇਸ ਭਾਰੀ ਕਮੀ ਕਾਰਨ ਪੰਜਾਬ ਦੇ ਆਪਣੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਨੂੰ ਅੱਧੇ ਲੋਡ ’ਤੇ ਚਲਾਉਣਾ ਪਿਆ। ਇਸ ਦੌਰਾਨ ਸੂਬੇ ਵਿੱਚ ਸਰਕਾਰੀ ਥਰਮਲ ਜਨਰੇਸ਼ਨ 1350 ਮੈਗਾਵਾਟ, ਨਿੱਜੀ ਜਨਰੇਸ਼ਨ 1624 ਮੈਗਾਵਾਟ ਅਤੇ ਸੋਲਰ ਜਨਰੇਸ਼ਨ 157 ਮੈਗਾਵਾਟ ਰਹੀ।

Advertisement

ਜੇਕਰ ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਦੇ ਬਾਵਜੂਦ ਅੱਤ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਅਤੇ ਸਪਲਾਈ ਬਹੁਤ ਜ਼ਿਆਦਾ ਰਹੀ ਸੀ। ਪਿਛਲੇ ਹਫ਼ਤੇ ਦੌਰਾਨ ਵੱਧ ਤੋਂ ਵੱਧ ਮੰਗ 13600 ਮੈਗਾਵਾਟ ਤੋਂ 13850 ਮੈਗਾਵਾਟ ਦੇ ਵਿਚਕਾਰ ਰਹੀ ਅਤੇ ਰੋਜ਼ਾਨਾ ਬਿਜਲੀ ਦੀ ਸਪਲਾਈ 2592 ਲੱਖ ਯੂਨਿਟ ਤੋਂ 2782 ਲੱਖ ਯੂਨਿਟ ਦਰਜ ਕੀਤੀ ਗਈ।

ਇੱਕ ਪਾਵਰ ਇੰਜੀਨੀਅਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਭਾਰੀ ਮੰਗ ਕਾਰਨ ਉਦਯੋਗਿਕ ਕੈਟਾਗਰੀ-2 ਸਮੇਤ ਵੱਖ-ਵੱਖ ਖਪਤਕਾਰਾਂ ’ਤੇ ਅਧਿਕਾਰਤ ਤੌਰ ’ਤੇ ਬਿਜਲੀ ਕੱਟ ਲਗਾਉਣੇ ਪਏ ਸਨ ਤਾਂ ਜੋ ਮੰਗ ਤੇ ਪੂਰਤੀ ਦੇ ਪਾੜੇ ਨੂੰ ਪੂਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੀਂਹ ਨਾਲ ਅਸਥਾਈ ਰਾਹਤ ਜ਼ਰੂਰ ਮਿਲੀ ਹੈ, ਪਰ ਆਉਣ ਵਾਲੇ ਹਫ਼ਤੇ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵਿੱਚ ਮੁੜ ਵੱਡਾ ਵਾਧਾ ਹੋਣ ਦੀ ਉਮੀਦ ਹੈ।

ਇਸ ਮਈ ਮਹੀਨੇ ਦੇ ਪਹਿਲੇ 28 ਦਿਨਾਂ ਵਿੱਚ ਔਸਤ ਬਿਜਲੀ ਸਪਲਾਈ 2294 ਲੱਖ ਯੂਨਿਟ ਰਹੀ ਹੈ, ਜਦੋਂ ਕਿ ਅਧਿਕਾਰਤ ਮੰਗ 2303 ਲੱਖ ਯੂਨਿਟ ਸੀ। ਪਿਛਲੇ ਸਾਲ ਇਹ ਸਪਲਾਈ 2133 ਲੱਖ ਯੂਨਿਟ ਸੀ। ਇਸ ਸਾਲ ਗਰਮੀ ਦੀ ਲਹਿਰ ਕਾਰਨ ਮਹਿਜ਼ ਛੇ ਦਿਨਾਂ ਦੇ ਅੰਦਰ ਹੀ ਬਿਜਲੀ ਦੀ ਮੰਗ ਵਿੱਚ 30 ਫੀਸਦੀ ਤੋਂ ਵੱਧ ਦਾ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ ਹੈ।

ਦੂਜੇ ਪਾਸੇ, ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਮਾਨਸੂਨ ਦੇ ਪੂਰਵ-ਅਨੁਮਾਨ ਨੂੰ ਸੋਧਦਿਆਂ ਲੰਬੀ ਅਵਧੀ ਦੀ ਔਸਤ ਦੇ 92 ਫੀਸਦੀ ਤੋਂ ਘਟਾ ਕੇ 90 ਫੀਸਦੀ ਕਰ ਦਿੱਤਾ ਹੈ, ਜਿਸ ਵਿੱਚ 60 ਫੀਸਦੀ ਸੰਭਾਵਨਾ ਘੱਟ ਮੀਂਹ ਦੀ ਹੈ। ਪਾਵਰਕਾਮ ਦੇ ਇੱਕ ਹੋਰ ਉੱਚ ਅਧਿਕਾਰੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ, “ ਇਸ ਦਾ ਮਤਲਬ ਹੈ ਕਿ 1 ਜੂਨ ਤੋਂ ਸ਼ੁਰੂ ਹੋ ਰਹੇ ਝੋਨੇ ਦੇ ਪੂਰੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 16500 ਮੈਗਾਵਾਟ ਤੋਂ ਉੱਪਰ ਬਣੀ ਰਹੇਗੀ। ਸਾਨੂੰ ਖ਼ਦਸ਼ਾ ਹੈ ਕਿ ਇਸ ਵਾਰ ਮੰਗ 18000 ਮੈਗਾਵਾਟ ਤੱਕ ਪਹੁੰਚ ਸਕਦੀ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੋਵੇਗਾ।”

Advertisement
×