ਚਰਨਜੀਤ ਭੁੱਲਰ
ਚੰਡੀਗੜ੍ਹ, 27 ਅਗਸਤ
ਪੰਜਾਬ ਸਰਕਾਰ ਚਾਲੂ ਵਰ੍ਹੇ ਦੌਰਾਨ ਦੂਜੀ ਵਾਰ ਮੁੱਖ ਮੰਤਰੀ ਅਤੇ ਕੈਬਨਿਟ ਵਜ਼ੀਰਾਂ ਦੇ ਅਖ਼ਤਿਆਰੀ ਕੋਟੇ ਦੇ ਫ਼ੰਡਾਂ ’ਤੇ ਕੱਟ ਲਾਉਣ ਜਾ ਰਹੀ ਹੈ। ਭਲਕੇ ਕੈਬਨਿਟ ਮੀਟਿੰਗ ਵਿਚ ਇਸ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਕਿਫ਼ਾਇਤੀ ਮੁਹਿੰਮ ਤਹਿਤ ‘ਆਪ’ ਸਰਕਾਰ ਆਪਣੇ ਖ਼ਰਚੇ ਘਟਾਉਣ ਹਿੱਤ ਅਜਿਹੇ ਕਦਮ ਚੁੱਕ ਰਹੀ ਹੈ। ਹਾਲਾਂਕਿ ਇਹ ਫ਼ੈਸਲਾ ਵਜ਼ੀਰਾਂ ਨੂੰ ਫ਼ੰਡ ਹੱਥ ਘੁੱਟ ਕੇ ਵੰਡਣ ਲਈ ਮਜਬੂਰ ਕਰੇਗਾ।
ਵੇਰਵਿਆਂ ਅਨੁਸਾਰ ਮੁੱਖ ਮੰਤਰੀ ਦੀ ਅਖ਼ਤਿਆਰੀ ਗਰਾਂਟ 50 ਕਰੋੜ ਸਾਲਾਨਾ ਤੋਂ ਘਟਾ ਕੇ 37 ਕਰੋੜ ਰੁਪਏ ਸਾਲਾਨਾ ਕੀਤੀ ਜਾ ਰਹੀ ਹੈ ਜਦੋਂ ਕਿ ਕੈਬਨਿਟ ਮੰਤਰੀਆਂ ਨੂੰ ਮੌਜੂਦਾ ਸਮੇਂ ਮਿਲਦੀ ਅਖ਼ਤਿਆਰੀ ਗਰਾਂਟ ਡੇਢ ਕਰੋੜ ਰੁਪਏ ਤੋਂ ਘਟਾ ਕੇ ਇੱਕ ਕਰੋੜ ਰੁਪਏ ਕਰਨ ਦੀ ਵਿਉਂਤ ਹੈ। ਜਦੋਂ ‘ਆਪ’ ਸੱਤਾ ਵਿਚ ਆਈ ਸੀ ਤਾਂ ਉਦੋਂ ਕੈਬਨਿਟ ਵਜ਼ੀਰਾਂ ਨੂੰ ਤਿੰਨ ਕਰੋੜ ਸਾਲਾਨਾ ਅਖ਼ਤਿਆਰੀ ਗਰਾਂਟ ਮਿਲਦੀ ਸੀ ਅਤੇ ਪਹਿਲੇ ਪੜਾਅ ’ਤੇ ਇਹ ਗਰਾਂਟ ਘਟਾ ਕੇ ਡੇਢ ਕਰੋੜ ਰੁਪਏ ਸਾਲਾਨਾ ਕਰ ਦਿੱਤੀ ਸੀ।
ਕੈਬਨਿਟ ਮੀਟਿੰਗ ਵਿਚ ਇਹ ਡੇਢ ਕਰੋੜ ਤੋਂ ਇੱਕ ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਸਰਕਾਰ ਦੌਰਾਨ ਕੈਬਨਿਟ ਵਜ਼ੀਰਾਂ ਦੀ ਅਖ਼ਤਿਆਰੀ ਕੋਟੇ ਦੀ ਗਰਾਂਟ ਪੰਜ ਕਰੋੜ ਰੁਪਏ ਸਾਲਾਨਾ ਵੀ ਰਹੀ ਹੈ। ਕਾਂਗਰਸ ਦੀ ਹਕੂਮਤ ਦੇ ਆਖ਼ਰੀ ਵਰ੍ਹੇ ਦੌਰਾਨ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਖ਼ਤਿਆਰੀ ਗਰਾਂਟਾਂ ਦਾ ਕੋਟਾ 200 ਕਰੋੜ ਰੁਪਏ ਸੀ। ਚੰਨੀ ਸਰਕਾਰ ਨੇ ਦੋ ਵਾਰ ਵਿਚ ਇਸ ਵਿਚ ਵਾਧਾ ਕਰਕੇ ਕੋਟਾ 200 ਕਰੋੜ ਰੁਪਏ ਸਾਲਾਨਾ ’ਤੇ ਲਿਆਂਦਾ ਸੀ। ‘ਆਪ’ ਸਰਕਾਰ ਨੇ ਪਹਿਲੇ ਵਿੱਤੀ ਵਰ੍ਹੇ ਦੌਰਾਨ ਅਖ਼ਤਿਆਰੀ ਕੋਟੇ ਦੇ ਫ਼ੰਡ ਬਹੁਤ ਹੀ ਦੇਰੀ ਨਾਲ ਜਾਰੀ ਕੀਤੇ ਸਨ। ਕੈਬਨਿਟ ਨੇ 2022-23 ਲਈ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਲਈ ਅਖ਼ਤਿਆਰੀ ਕੋਟੇ ਦੀਆਂ ਗਰਾਂਟਾਂ ਦੀ ਵੰਡ ਲਈ ਇੱਕ ਨੀਤੀ ਨੂੰ ਪ੍ਰਵਾਨਗੀ ਦਿੱਤੀ ਸੀ। ਅਖ਼ਤਿਆਰੀ ਕੋਟੇ ’ਤੇ ਹੋਰ ਕੱਟ ਲੱਗਣ ਦੀ ਸੰਭਾਵਨਾ ਕਾਰਨ ਕਈ ਵਜ਼ੀਰ ਅੰਦਰੋਂ-ਅੰਦਰੀਂ ਕਾਫ਼ੀ ਨਿਰਾਸ਼ ਵੀ ਹਨ ਕਿਉਂਕਿ ਉਨ੍ਹਾਂ ਕੋਲ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਲਈ ਫ਼ੰਡ ਦੇਣ ਵਾਸਤੇ ਇੱਕ ਇਹੋ ਗਰਾਂਟ ਸੀ। ਕੈਬਨਿਟ ਮੰਤਰੀਆਂ ਨੂੰ ਹੁਣ ਲੋਕ ਭਲਾਈ ਕੰਮਾਂ ਵਾਸਤੇ ਹੱਥ ਘੁੱਟਣਾ ਪਵੇਗਾ। ਪਹਿਲਾਂ ਜੋ ਖੁੱਲ੍ਹੇ ਗੱਫੇ ਦੇ ਦਿੱਤੇ ਜਾਂਦੇ ਸਨ, ਉਨ੍ਹਾਂ ’ਤੇ ਵੀ ਕੱਟ ਲੱਗ ਜਾਵੇਗਾ। ਚੇਤੇ ਰਹੇ ਕਿ ਬਹੁਤੀਆਂ ਸੰਸਥਾਵਾਂ ਵੱਲੋਂ ਮੰਤਰੀਆਂ ਨੂੰ ਮੁੱਖ ਮਹਿਮਾਨ ਵਜੋਂ ਇਸੇ ਝਾਕ ਵਿਚ ਬੁਲਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਫ਼ੰਡ ਮਿਲ ਜਾਣਗੇ। ਪੰਜਾਬ ਸਰਕਾਰ ਦੀ ਸੋਚ ਹੈ ਕਿ ਸੂਬੇ ਦੀ ਵਿੱਤੀ ਸਿਹਤ ਦੇ ਮੱਦੇਨਜ਼ਰ ਅਜਿਹੇ ਫ਼ੈਸਲੇ ਲਏ ਜਾਣੇ ਲਾਜ਼ਮੀ ਹਨ। ਯਾਦ ਰਹੇ ਕਿ ਚਲੰਤ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਪੰਜਾਬ ਸਰਕਾਰ ਨੇ 26810.14 ਕਰੋੜ ਰੁਪਏ ਦੇ ਕੁੱਲ ਖ਼ਰਚੇ ਦੇ ਮੁਕਾਬਲੇ ਸਿਰਫ਼ 449.18 ਕਰੋੜ ਰੁਪਏ (ਸੰਪਤੀ ਬਣਾਉਣ ਲਈ) ਖ਼ਰਚ ਕੀਤੇ ਹਨ ਜੋ ਦੋ ਫ਼ੀਸਦੀ ਤੋਂ ਵੀ ਘੱਟ ਹਨ। ਪੰਜਾਬ ਸਰਕਾਰ ਛੋਟੀਆਂ ਛੋਟੀਆਂ ਬੱਚਤਾਂ ਕਰਕੇ ਕਈ ਖੱਪੇ ਪੂਰਨਾ ਚਾਹੁੰਦੀ ਹੈ।