ਮੌਨਸੂਨ ਸੈਸ਼ਨ ਦੇ ਦੂਜੇ ਦਿਨ ਅੱਜ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਦਿਵਾਊ ਮਤੇ ਦੇ ਜਵਾਬ ’ਚ ਦੱਸਿਆ ਕਿ ਨੀਲ ਗਊਆਂ ਅਤੇ ਜੰਗਲੀ ਸੂਰਾਂ ਤੋਂ ਮਨੁੱਖੀ ਜਾਨਾਂ ਅਤੇ ਫ਼ਸਲਾਂ ਦਾ ਨੁਕਸਾਨ ਬਚਾਉਣ ਲਈ ਸੀਮਤ ਸ਼ਿਕਾਰ ਕਰਨ ਲਈ ਗੰਨ ਲਾਇਸੈਂਸ ਦੇਣ ਦੀ ਵਿਵਸਥਾ ਮੌਜੂਦ ਹੈ ਪਰ ਬੇਟ ਖੇਤਰ ਦੇ ਕਿਸਾਨਾਂ ਵੱਲੋਂ ਲਾਇਸੈਂਸ ਜਾਰੀ ਨਹੀਂ ਕਰਾਏ ਗਏ ਹਨ। ਵਿਧਾਇਕਾ ਦਾ ਕਹਿਣਾ ਸੀ ਕਿ ਬੇਟ ਖੇਤਰ ਤੇ ਜਗਰਾਉਂ ਦੇ ਇਲਾਕੇ ’ਚ ਜੰਗਲੀ ਸੂਰ ਤੇ ਨੀਲ ਗਊਆਂ ਵੱਲੋਂ ਫ਼ਸਲੀ ਨੁਕਸਾਨ ਕੀਤਾ ਜਾ ਰਿਹਾ ਹੈ। ਵਿਧਾਇਕਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਜਾਨਵਰਾਂ ਵੱਲੋਂ ਨੁਕਸਾਨੀ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵੇ ਅਤੇ ਇਨ੍ਹਾਂ ਜਾਨਵਰਾਂ ਦਾ ਸਰਵੇ ਵੀ ਕਰਾਏ।
ਜੰਗਲਾਤ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਜੰਗਲੀ ਜੀਵਾਂ ਨੂੰ ਕਿਤੇ ਸ਼ਿਫ਼ਟ ਨਹੀਂ ਕੀਤਾ ਜਾ ਸਕਦਾ ਹੈ ਪਰ ਉਹ ਜੰਗਲੀ ਜੀਵ ਵਿਭਾਗ ਦੇ ਅਫ਼ਸਰਾਂ ਨੂੰ ਇਨ੍ਹਾਂ ਜਾਨਵਰਾਂ ਦਾ ਅੰਦਾਜ਼ਾ ਲਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਮਹਿਕਮੇ ਤਰਫ਼ੋਂ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ। ਹਲਕਾ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬਠਿੰਡਾ ਸ਼ਹਿਰ ਦੀ ਆਬਾਦੀ ਵਾਲੇ ਇਲਾਕੇ ਵਿਚਲੇ ਕੂੜਾ ਡੰਪ ਨੂੰ ਸ਼ਿਫ਼ਟ ਕਰਨ ਲਈ ਧਿਆਨ ਦਿਵਾਊ ਮਤਾ ਸਦਨ ’ਚ ਪੇਸ਼ ਕੀਤਾ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੱਥਾਂ ਤੇ ਤਕਨੀਕੀ ਅੜਿੱਕਿਆਂ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਸਮੇਂ ਬਠਿੰਡਾ ਸ਼ਹਿਰ ਵਿਚਲੇ ਕੂੜਾ ਡੰਪ ਨੂੰ ਸ਼ਿਫ਼ਟ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਵਿਧਾਇਕ ਗਿੱਲ ਦਾ ਕਹਿਣਾ ਸੀ ਕਿ ਇਸ ਕੂੜਾ ਡੰਪ ਕਰਕੇ ਕਰੀਬ 14-15 ਕਾਲੋਨੀਆਂ ਪ੍ਰਭਾਵਿਤ ਹੋ ਰਹੀਆਂ ਹਨ। ਮੌਜੂਦਾ ਕੂੜਾ ਡੰਪ ਵਾਲੀ ਜਗ੍ਹਾ ਦੀ ਕੀਮਤ 300 ਕਰੋੜ ਦੇ ਕਰੀਬ ਹੈ। ਗਿੱਲ ਨੇ ਮਸ਼ਵਰਾ ਦਿੱਤਾ ਕਿ ਨਗਰ ਨਿਗਮ ਸ਼ਹਿਰ ਤੋਂ ਬਾਹਰ 50 ਕਰੋੜ ਦੀ ਲਾਗਤ ਨਾਲ 50 ਏਕੜ ਜ਼ਮੀਨ ਲੈ ਸਕਦੀ ਹੈ।
ਭਵਾਨੀਗੜ੍ਹ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕਾ ਭਵਾਨੀਗੜ੍ਹ ਦੇ ਅੱਧੀ ਦਰਜਨ ਪਿੰਡਾਂ ਦੇ ਛੱਪੜਾਂ ਦੇ ਓਵਰਫਲੋਅ ਹੋਣ ਬਾਰੇ ਧਿਆਨ ਦਿਵਾਊ ਮਤਾ ਪੇਸ਼ ਕੀਤਾ। ਭਰਾਜ ਨੇ ਦੱਸਿਆ ਕਿ ਪਿੰਡ ਨਕਟਾ, ਸ਼ਾਹਪੁਰ, ਡੇਹਲੇਵਾਲ, ਖਿਲਰੀਆਂ, ਖੇੜੀ ਗਿਲਾ ਅਤੇ ਮਾਝਾ ਦੇ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਜਾਂਦਾ ਹੈ ਜੋ ਗਲੀਆਂ ਅਤੇ ਲੋਕਾਂ ਦੇ ਘਰਾਂ ’ਚ ਦਾਖਲ ਹੋ ਜਾਂਦਾ ਹੈ। ਉਨ੍ਹਾਂ ਪਾਣੀ ਦੇ ਢੁੱਕਵੇਂ ਨਿਕਾਸ ਦੀ ਮੰਗ ਕੀਤੀ। ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸਬੰਧਤ ਪਿੰਡਾਂ ਦੇ ਛੱਪੜਾਂ ਦੇ ਪਾਣੀ ਦਾ ਨਿਕਾਸ ਕਰਾ ਦਿੱਤਾ ਗਿਆ ਹੈ।

