ਪੱਤਰ ਪ੍ਰੇਰਕ
ਅਜਨਾਲਾ, 7 ਸਤੰਬਰ
ਸਰਹੱਦੀ ਪਿੰਡ ਖਾਨਵਾਲ ਵਿੱਚ ਅੱਜ ਨਾਜਾਇਜ਼ ਖਣਨ ਰੋਕਣ ਗਈ ਟੀਮ ’ਤੇ ਰੇਤ ਮਾਫੀਆ ਨੇ ਹਮਲਾ ਕਰਕੇ ਤਿੰਨ ਅਧਿਕਾਰੀਆਂ ਦੀ ਕਥਿਤ ਕੁੱਟਮਾਰ ਕੀਤੀ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐੱਸਡੀਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਰੇਤ ਮਾਫੀਆ ਖ਼ਿਲਾਫ਼ ਕਾਰਵਾਈ ਲਈ ਪਿੰਡ ਖਾਨਵਾਲ ਪਹੁੰਚੀ ਤਾਂ ਉਥੇ ਗੰਨੇ ਦੇ ਖੇਤਾਂ ’ਚ ਲੁਕੇ ਕੁਝ ਲੋਕਾਂ ਨੇ ਉਨ੍ਹਾਂ ਦੀ ਟੀਮ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਇੰਸਪੈਕਟਰ ਦੇ ਸਿਰ ਵਿੱਚ ਸੱਟ ਲੱਗੀ, ਜਦਕਿ ਦੋ ਇੰਸਪੈਕਟਰਾਂ ਦੇ ਅੰਦਰੂਨੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਮਾਈਨਿੰਗ ਵਿਭਾਗ ਦੀ ਟੀਮ ਨੇ ਥਾਣਾ ਅਜਨਾਲਾ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਐਸਐਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਛੇਤੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।