ਵੀਰਵਾਰ ਦੇਰ ਰਾਤ ਰੇਲਵੇ ਕਲੋਨੀ ਇਲਾਕੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਇੱਕ ਸਹਾਇਕ ਲੋਕੋ ਪਾਇਲਟ (ALP) ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ।
ਪੀੜਤ, ਸੰਦੀਪ ਕੁਮਾਰ ਮੀਣਾ, ਡਿਊਟੀ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ ਜਦੋਂ ਹਮਲਾਵਰਾਂ ਨੇ ਅੱਧੀ ਰਾਤ ਦੇ ਕਰੀਬ ਰੇਲਵੇ ਰੈਸਟ ਹਾਊਸ ਨੇੜੇ ਉਸਨੂੰ ਘੇਰ ਲਿਆ।
ਹਮਲਾਵਰਾਂ ਵਿੱਚੋਂ ਇੱਕ ਨੇ ਉਸਦੇ ਕੰਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਨਾਲ ਉਸਦਾ ਕੁਝ ਹਿੱਸਾ ਕੱਟਿਆ ਗਿਆ। ਉਹ ਆਪਣੇ ਸਕੂਟਰ 'ਤੇ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਬਾਅਦ ਵਿੱਚ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਅਪਰੇਸ਼ਨ ਹੋਇਆ।
ਪੁਲੀਸ ਨੇ ਉਸਦਾ ਬਿਆਨ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਰੇਲਵੇ ਕਰਮਚਾਰੀ ਸ਼ੁੱਕਰਵਾਰ ਨੂੰ ਐੱਸ ਐੱਚ ਓ ਨੂੰ ਮਿਲੇ ਅਤੇ ਮਾਮਲੇ ਵਿੱਚ ਸਖ਼ਤ ਕਾਰਵਾਈ ਤੇ ਇਲਾਕੇ ਵਿੱਚ ਗਸ਼ਤ ਵਧਾਉਣ ਦੀ ਮੰਗ ਕੀਤੀ।
ਇੱਕ ਹੋਰ ਘਟਨਾ ਵਿੱਚ, ਵੀਰਵਾਰ ਰਾਤ ਨੂੰ ਮੇਲਾ ਰਾਮ ਰੋਡ 'ਤੇ ਲਗਪਗ ਸੱਤ ਵਿਅਕਤੀਆਂ ਨੇ ਕਥਿਤ ਤੌਰ 'ਤੇ ਇੱਕ ਡਰਾਈਵਰ ਨੂੰ ਅਗਵਾ ਕਰ ਲਿਆ ਅਤੇ ਉਸਦੀ ਕਾਰ ਲੁੱਟ ਲਈ।
ਕਰਨਾਲ ਦੇ ਰਹਿਣ ਵਾਲੇ ਸੁਮਿਤ ਕੁਮਾਰ ਨੇ ਆਪਣੇ ਮਾਲਕ ਦੀ ਕਾਰ ਚਾਹ ਪੀਣ ਲਈ ਬਾਹਰ ਕੱਢੀ ਸੀ। ਹਮਲਾਵਰਾਂ ਨੇ ਉਸਨੂੰ ਉਸ ਸਮੇਂ ਘੇਰ ਲਿਆ ਜਦੋਂ ਉਹ ਫੋਨ 'ਤੇ ਗੱਲ ਕਰ ਰਿਹਾ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਉਸਦੀ ਕੁੱਟਮਾਰ ਕੀਤੀ, ਉਸਦੇ ਚਿਹਰੇ 'ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ।
ਹਮਲਾਵਰਾਂ ਨੇ ਕਥਿਤ ਤੌਰ 'ਤੇ ਉਸਨੂੰ ਹਾਈਵੇਅ ਵੱਲ ਲਿਜਾ ਕੇ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸਨੂੰ ਇੱਕ ਟਰੱਕ ਦੇ ਅੱਗੇ ਧੱਕਣ ਦੀ ਕੋਸ਼ਿਸ਼ ਕੀਤੀ। ਸੁਮਿਤ ਨੇ ਦਾਅਵਾ ਕੀਤਾ ਕਿ ਉਹ ਝੋਨੇ ਦੇ ਖੇਤਾਂ ਵਿੱਚ ਛਾਲ ਮਾਰ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸਨੇ ਬਾਅਦ ਵਿੱਚ ਪੁਲੀਸ ਨੂੰ ਸੂਚਿਤ ਕੀਤਾ।
ਹਮਲਾਵਰਾਂ ਕਾਰ, ਨਕਦੀ ਅਤੇ ਕੁਝ ਦਸਤਾਵੇਜ਼ ਲੈ ਕੇ ਫ਼ਰਾਰ ਹੋ ਗਏ।
ਕੋਤਵਾਲੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

