ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਏਐੱਸਆਈ ਦੀ ਭੇਤ-ਭਰੀ ਹਾਲਤ ’ਚ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਕਮਾਂਡੋ ਸਿਖਲਾਈ ਕੰਪਲੈਕਸ ਬਹਾਦਰਗੜ੍ਹ ਵਿੱਚ ਸਰਕਾਰੀ ਕੁਆਰਟਰ ’ਚ ਰਹਿੰਦੇ ਏਐੱਸਆਈ ਦੀ ਸਰਕਾਰੀ ਰਿਵਾਲਵਰ ਨਾਲ ਗੋਲੀ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਬਰਾੜ (41) ਵਾਸੀ ਪਿੰਡ ਕੁੰਡਲ ਨੇੜੇ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਫਸਟ ਕਮਾਂਡੋ ਬਟਾਲੀਅਨ-ਪੀਏਪੀ (ਬੈਲਟ ਨੰਬਰ 3439) ਦਾ ਏਐੱਸਆਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਵਿੱਚ ਤਾਇਨਾਤ ਸੀ। ਘਟਨਾ ਕਮਾਂਡੋ ਸਿਖਲਾਈ ਸੈਂਟਰ ਬਹਾਦਰਗੜ੍ਹ ਵਿਚਲੇ ਉਸ ਦੇ ਕੁਆਰਟਰ ਵਿਚ ਵਾਪਰੀ। ਗੋਲ਼ੀ ਉਸ ਦੀ ਛਾਤੀ ਵਿੱਚ ਲੱਗੀ। ਡੀਐੱਸਪੀ (ਆਰ) ਗੁਰਪ੍ਰਤਾਪ ਸਿੰਘ ਢਿੱਲੋਂ ਤੇ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਵੀਰ ਚਹਿਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਦੋ ਧੀਆਂ ਦੇ ਪਿਤਾ ਮਨਪ੍ਰੀਤ ਬਰਾੜ ਨੂੰ ਆਉਂਦੀ ਜੱਦੀ ਪੁਸ਼ਤੀ ਜ਼ਮੀਨ ਵੀ ਵਿਕ ਚੁੱਕੀ ਸੀ। ਇਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਸਬੰਧੀ ਭਾਵੇਂ ਖ਼ੁਦਕੁਸ਼ੀ ਕੀਤੀ ਹੋਣ ਦੀ ਚਰਚਾ ਵੀ ਹੋ ਰਹੀ ਹੈ ਪਰ ਪੁਲੀਸ ਇਸ ਨੂੰ ਅਚਾਨਕ ਵਾਪਰੀ ਘਟਨਾ ਦੱਸ ਰਹੀ ਹੈ। ਇੰਸਪੈਕਟਰ ਅੰਮ੍ਰਿਤਵੀਰ ਚਹਿਲ ਦਾ ਕਹਿਣਾ ਹੈ ਕਿ ਮੁਢਲੀ ਤਫਤੀਸ਼ ਦੌਰਾਨ ਇਹ ਮਾਮਲਾ ਅਚਾਨਕ ਵਾਪਰੀ ਘਟਨਾ ਵਜੋਂ ਸਾਹਮਣੇ ਆਇਆ ਹੈ ਤੇ ਬਾਕੀ ਪੁਲੀਸ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਕੁਆਰਟਰ ਵਿੱਚ ਇਕੱਲਾ ਹੀ ਰਹਿੰਦਾ ਸੀ।