ਸ਼ਗਨ ਕਟਾਰੀਆ
ਬਠਿੰਡਾ, 22 ਜੁਲਾਈ
ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਅੱਜ ਇਥੇ ਖਾਲੀ ਭਾਂਡੇ ਖੜਕਾ ਕੇ ਮੁਜ਼ਾਹਰਾ ਕੀਤਾ ਗਿਆ। ਜਦੋਂ ਵਿਖਾਵਾਕਾਰੀ ਬੀਬੀਆਂ ਨੇ ਸਰਕਟ ਹਾਊਸ ਨੇੜਿਓਂ ਰੋਸ ਮਾਰਚ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਰੁਖ਼ ਕੀਤਾ ਤਾਂ ਪ੍ਰ੍ਰਸ਼ਾਸਨ ਚੌਕਸ ਹੋ ਗਿਆ। ਭਾਵੇਂ ਕਿ ਦਫ਼ਤਰ ਨੇੜੇ ਪੁਲੀਸ ਨੇ ਸਖ਼ਤ ਨਾਕੇ ਲਾਏ ਹੋਏ ਸਨ ਪਰ ਮੁਜ਼ਾਹਰਾਕਾਰੀਆਂ ਨੇ ਬੈਰੀਕੇਡ ਤੋੜ ਕੇ ਦਫ਼ਤਰ ਦਾ ਘਿਰਾਓ ਕਰ ਲਿਆ। ਇਸ ਦੌਰਾਨ ਵਿਖਾਵਾਕਾਰੀਆਂ ਅਤੇ ਪੁਲੀਸ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਯੂਨੀਅਨ ਦੀ ਸੂਬਾਈ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ 15 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਸਮੇਤ ਹਰਿਆਣਾ ਪੈਟਰਨ ’ਤੇ 4 ਹਜ਼ਾਰ ਰੁਪਏ ਮਹੀਨਾ ਅਤੇ ਇਨਸੈਂਟਿਵ ਦਿੱਤਾ ਜਾਵੇ। ਉਨ੍ਹਾਂ ਵਰਕਰਾਂ ਲਈ ਸਮਾਰਟ ਫ਼ੋਨ ਦੀ ਮੰਗ ਵੀ ਕੀਤੀ।