ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਵੱਲੋਂ ਧਰਨਾ
ਡਾਇਰੈਕਟਰ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ ਦਾ ਸਮਾਂ ਦਿਵਾਉਣ ’ਤੇ ਧਰਨਾ ਸਮਾਪਤ
ਕੁਲਦੀਪ ਸਿੰਘ
ਇਥੇ ਸੈਕਟਰ 38 ਸਥਿਤ ਪ੍ਰਯਾਸ ਭਵਨ ਵਿੱਚ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ (ਸੀਟੂ) ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਜਿਸ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੇ ਹਿੱਸਾ ਲਿਆ। ਸੀਟੂ ਨਾਲ ਸਬੰਧਿਤ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਇਸ ਧਰਨੇ ਨੂੰ ਹਮਾਇਤ ਦਿੱਤੀ ਗਈ।
ਯੂਨੀਅਨ ਦੇ ਮੁੱਖ ਬੁਲਾਰੇ ਵਜੋਂ ਆਲ ਇੰਡੀਆ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਕਾਮਰੇਡ ਊਸ਼ਾ ਰਾਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਮੁੱਖ ਮੰਗਾਂ ਵਿੱਚ ਆਸ਼ਾ ਵਰਕਰ ਨੂੰ ਕਿਰਤੀ ਦਾ ਦਰਜਾ ਦੇਣਾ, ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ ਦਰਜ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਯਾਦ ਕਰਵਾਉਣਾ, ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੂੰ ਘੱਟੋ-ਘੱਟ ਉਜਰਤ ਤੇ ਘੇਰੇ ਵਿੱਚ ਲਿਆਉਣਾ, ਸੇਵਾਮੁਕਤੀ ਸਮੇਂ ਹਰਿਆਣੇ ਦੀ ਤਰਜ਼ ’ਤੇ 2 ਲੱਖ ਰੁਪਏ ਦੇਣਾ, ਆਇਰਨ ਸਿਰਪ ਦੀ ਦਵਾਈ ਦੇ ਭੱਤੇ ਵਿੱਚ ਵਾਧਾ ਕਰਨਾ ਆਦਿ ਮੰਗਾਂ ਬਾਰੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰੋਜ ਬਾਲਾ, ਸਰਬਜੀਤ ਕੌਰ ਲੁਧਿਆਣਾ, ਜੁਗਿੰਦਰ ਕੌਰ ਹੁਸ਼ਿਆਰਪੁਰ, ਹਰਵਿੰਦਰ ਕੌਰ ਪਟਿਆਲਾ, ਰਣਜੀਤ ਕੌਰ ਰੋਪੜ, ਕਮਲਜੀਤ ਕੌਰ ਨਵਾਂ ਸ਼ਹਿਰ, ਸੁਖਜੀਤ ਕੌਰ ਜਲੰਧਰ, ਰਘਵੀਰ ਕੌਰ, ਹਰਮਨ ਬੂਥਗੜ੍ਹ, ਰਣਜੀਤ ਮੁਹਾਲੀ, ਮਹਾਂ ਸਿੰਘ ਰੋੜੀ ਆਦਿ ਨੇ ਕਿਹਾ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਸਕੀਮ ਵਰਕਰਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਗਿਆ ਹੈ। ਸਰਕਾਰ ਗਰੀਬ ਪਰਿਵਾਰਾਂ ਨਾਲ ਸਬੰਧਿਤ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਦੀ ਕੋਈ ਸਾਰ ਨਹੀਂ ਲੈਂਦੀ ਸਗੋਂ ਉਨ੍ਹਾਂ ਤੋਂ 24-24 ਘੰਟੇ ਕੰਮ ਕਰਵਾਉਣ ਲਈ ਤੱਤਪਰ ਰਹਿੰਦੀ ਹੈ।
ਧਰਨੇ ਨੂੰ ਪੀ ਐੱਸ ਆਈ ਈ ਸੀ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ, ਸੀਟੂ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਾਮਰੇਡ ਗੁਰਦੀਪ ਸਿੰਘ, ਹਰਕੇਸ਼ ਰਾਣਾ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਯੂਨੀਅਨ ਆਗੂ ਸੁਰਜਿੰਦਰ ਕੌਰ ਸੀਮਾ ਨੇ ਨਿਭਾਈ। ਅੰਤ ਵਿੱਚ ਨੈਸ਼ਨਲ ਸਿਹਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਵੱਲੋਂ ਵਿੱਤ ਮੰਤਰੀ ਜਸਪਾਲ ਸਿੰਘ ਚੀਮਾ ਨਾਲ 13 ਮਈ ਦੀ ਮੀਟਿੰਗ ਤੈਅ ਕਰਨ ਦੀ ਚਿੱਠੀ ਦੇਣ ਨਾਲ ਧਰਨੇ ਦੀ ਸਮਾਪਤੀ ਕੀਤੀ ਗਈ।

