ਅਰਸ਼ ਡੱਲਾ ਗਰੋਹ ਦਾ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
ਨਵੀਂ ਦਿੱਲੀ, 23 ਜੂਨ
ਦਿੱਲੀ ਪੁਲੀਸ ਨੇ ਓਖਲਾ ਖੇਤਰ ਤੋਂ ਅਰਸ਼ ਡੱਲਾ ਗਰੋਹ ਨਾਲ ਜੁੜੇ ਇੱਕ ਹਥਿਆਰ ਤਸਕਰ ਨੂੰ ਚਾਰ ਸੈਮੀ-ਆਟੋਮੈਟਿਕ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਰਦੂਲਗੜ੍ਹ (ਪੰਜਾਬ) ਦੇ ਰਹਿਣ ਵਾਲੇ ਏਕਮਜੋਤ ਸਿੰਘ ਸੰਧੂ ਵਜੋਂ ਹੋਈ ਹੈ। ਉਸ ਨੂੰ ਓਖਲਾ ਦੇ ਈਐੱਸਆਈ ਹਸਪਤਾਲ ਨੇੜਿਓਂ ਉਸ ਵੇਲੇ ਕਾਬੂ ਕੀਤਾ ਗਿਆ, ਜਦੋਂ ਉਹ ਪੰਜਾਬ ਵਿੱਚ ਆਪਣੇ ਗਰੋਹ ਮੈਂਬਰਾਂ ਨੂੰ ਹਥਿਆਰ ਸਪਲਾਈ ਕਰਨ ਜਾ ਰਿਹਾ ਸੀ। ਏਡੀਸੀਪੀ (ਦੱਖਣ-ਪੂਰਬੀ) ਐਸ਼ਵਰਿਆ ਸ਼ਰਮਾ ਨੇ ਕਿਹਾ, ‘ਸੰਧੂ, ਅਰਸ਼ ਡੱਲਾ ਗਰੋਹ ਦਾ ਸਰਗਰਮ ਮੈਂਬਰ ਸੀ। ਇਹ ਗਰੋਹ ਪੰਜਾਬ ਤੇ ਹੋਰ ਸੂਬਿਆਂ ਵਿੱਚ ਕਈ ਅਪਰਾਧਕ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ। ਉਸ ਦੀ ਲਾਰੈਂਸ ਬਿਸ਼ਨੋਈ ਗਰੋਹ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਹੈ।’ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਰਸ਼ ਡੱਲਾ ਗਰੋਹ ਨਾਲ ਜੁੜੇ ਹਥਿਆਰ ਤਸਕਰਾਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਏਕਮਜੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਹਥਿਆਰ ਖਰੀਦੇ ਸਨ। ਉਨ੍ਹਾਂ ਕਿਹਾ, ‘18 ਜੂਨ ਨੂੰ ਸੂਚਨਾ ਮਿਲੀ ਸੀ ਕਿ ਏਕਮਜੋਤ, ਪਰਮਜੀਤ ਸਿੰਘ ਉਰਫ ਪੰਮਾ ਭੀਖੀ ਦੇ ਸਾਥੀ ਨੂੰ ਹਥਿਆਰ ਸਪਲਾਈ ਕਰਨ ਜਾ ਰਿਹਾ ਹੈ।’ ਇਸ ਮਗਰੋਂ ਈਐੱਸਆਈ ਹਸਪਤਾਲ ਬੱਸ ਸਟੈਂਡ ਨੇੜੇ ਨਾਕਾ ਲਾਇਆ ਗਿਆ। ਰਾਤ 10 ਵਜੇ ਦੇ ਕਰੀਬ ਏਕਮਜੋਤ ਜਦੋਂ ਉਥੋਂ ਲੰਘਣ ਲੱਗਾ ਤਾਂ ਉਸ ਨੂੰ ਰੋਕਿਆ ਗਿਆ। ਤਲਾਸ਼ੀ ਲੈਣ ’ਤੇ ਉਸ ਦੇ ਬੈਗ ’ਚੋਂ ਚਾਰ ਪਿਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ ਹੋਏ। ਪੁੱਛ-ਪੜਤਾਲ ਦੌਰਾਨ ਏਕਮਜੋਤ ਨੇ ਮੰਨਿਆ ਕਿ ਉਹ ਬੱਬੂ ਦਲੇਮਾ ਦੇ ਸੰਪਰਕ ਵਿੱਚ ਸੀ, ਜੋ ਅਰਸ਼ ਡੱਲਾ ਗਰੋਹ ਨਾਲ ਜੁੜਿਆ ਯੂਏਈ ਆਧਾਰਤ ਹੈਂਡਲਰ ਹੈ। ਪੁਲੀਸ ਨੇ ਕਿਹਾ ਕਿ ਏਕਮਜੋਤ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ