ਹੋਟਲ ਦੇ ਕਮਰੇ ’ਚ ਗੁਪਤ ਕੈਮਰੇ ਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਇਥੋਂ ਦੀ ਪੁਲੀਸ ਨੇ ਸੀ ਸੀ ਟੀ ਵੀ ਕੈਮਰੇ ਲਾਉਣ ਵਾਲੇ ਨੌਜਵਾਨ ਨੂੰ ਹੋਟਲ ਦੇ ਕਮਰੇ ਵਿੱਚ ਗੁਪਤ ਤਰੀਕੇ ਨਾਲ ਕੈਮਰੇ ਲਾ ਕੇ ਲੋਕਾਂ ਦੀਆਂ ਨਿੱਜੀ ਜ਼ਿੰਦਗੀ ਦੀ ਨਿਗਰਾਨੀ ਕਰਨ ਅਤੇ ਰਿਕਾਰਡ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ...
ਇਥੋਂ ਦੀ ਪੁਲੀਸ ਨੇ ਸੀ ਸੀ ਟੀ ਵੀ ਕੈਮਰੇ ਲਾਉਣ ਵਾਲੇ ਨੌਜਵਾਨ ਨੂੰ ਹੋਟਲ ਦੇ ਕਮਰੇ ਵਿੱਚ ਗੁਪਤ ਤਰੀਕੇ ਨਾਲ ਕੈਮਰੇ ਲਾ ਕੇ ਲੋਕਾਂ ਦੀਆਂ ਨਿੱਜੀ ਜ਼ਿੰਦਗੀ ਦੀ ਨਿਗਰਾਨੀ ਕਰਨ ਅਤੇ ਰਿਕਾਰਡ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਹੈਰੀ ਵਾਸੀ ਮੁਹੱਲਾ ਆਨੰਦਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਜੋਂ ਹੋਈ ਹੈ। ਉਹ ਹੋਟਲਾਂ ਅਤੇ ਘਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਉਂਦਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਆਈ ਟੀ ਐਕਟ, ਬੀ ਐੱਨ ਐੱਸ ਦੀ ਧਾਰਾ 77 ਅਤੇ ਧਾਰਾ 316 (2) ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਮੁਤਾਬਕ ਮੁਲਜ਼ਮ ਨੇ ਹੋਟਲ ਦੇ ਕਮਰੇ ਵਿੱਚ ਗੁਪਤ ਕੈਮਰਾ ਲਾ ਦਿੱਤਾ, ਜਿਸ ਰਾਹੀਂ ਉਹ ਇੱਥੇ ਹੋਣ ਵਾਲੀ ਹਰ ਗਤੀਵਿਧੀ ਨੂੰ ਲਾਈਵ ਦੇਖ ਕੇ ਰਿਕਾਰਡ ਕਰ ਸਕਦਾ ਸੀ। ਪੁਲੀਸ ਨੇ ਸੂਚਨਾ ਮਿਲਣ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਇਲੈਕਟ੍ਰਾਨਿਕ ਡਾਟਾ ਤੇ ਡਿਜੀਟਲ ਸਬੂਤ ਕਬਜ਼ੇ ਵਿੱਚ ਲੈ ਲਏ।
ਜਾਂਚ ਵਿੱਚ ਪਤਾ ਲੱਗਾ ਹੈ ਕਿ ਜਿੱਥੇ-ਜਿੱਥੇ ਉਸ ਵੱਲੋਂ ਸੀ ਸੀ ਟੀ ਵੀ ਕੈਮਰੇ ਲਾਏ ਗਏ ਸਨ, ਉਨ੍ਹਾਂ ਦਾ ਕੰਟਰੋਲ ਵੀ ਉਸ ਨੇ ਆਪਣੇ ਕੋਲ ਰੱਖਿਆ।
ਪੁਲੀਸ ਵੱਲੋਂ ਮਾਮਲੇ ਦੀ ਜਾਂਚ: ਡੀ ਐੱਸ ਪੀ
ਡੀ ਐੱਸ ਪੀ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ 14 ਜੁਲਾਈ ਨੂੰ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲੀਸ ਨੂੰ ਉਸ ਦਾ ਦੋ ਦਿਨ ਦਾ ਰਿਮਾਂਡ ਮਿਲਿਆ। ਰਿਮਾਂਡ ਪੂਰਾ ਹੋਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

