ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਲਈ ਰੂਪ-ਰੇਖਾ ਤਿਆਰ: ਚੀਮਾ
ਕੈਬਨਿਟ ਸਬ-ਕਮੇਟੀ ਦੀ ਮੀਟਿੰਗ; ਪ੍ਰੋਗਰਾਮਾਂ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ
ਪੰਜਾਬ ਕੈਬਨਿਟ ਦੀ ਸਬ-ਕਮੇਟੀ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਦੂਜੀ ਮੀਟਿੰਗ ਵਿੱਚ ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਾਲ ਭਰ ਦੀ ਵਿਸਤ੍ਰਿਤ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਵਿੱਚ ਮੰਤਰੀ ਡਾ. ਰਵਜੋਤ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਵਿਸ਼ੇਸ਼ ਇਨਵਾਇਟੀ ਪਵਨ ਟੀਨੂੰ ਨੇ ਮਹੀਨਾਵਾਰ ਪ੍ਰੋਗਰਾਮਾਂ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ।
ਸਬ-ਕਮੇਟੀ ਨੇ ਵਾਰਾਨਸੀ, ਫ਼ਰੀਦਕੋਟ, ਜੰਮੂ ਅਤੇ ਬਠਿੰਡਾ ਤੋਂ ਚਾਰ ਵੱਡੀਆਂ ਸ਼ੋਭਾ ਯਾਤਰਾਵਾਂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਗੁਰੂ ਜੀ ਦੇ ਪਵਿੱਤਰ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਪੁੱਜਣਗੀਆਂ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂਆਂ ਨੂੰ ਵਾਰਾਨਸੀ ਸਥਿਤ ਗੁਰੂ ਰਵਿਦਾਸ ਦੇ ਜਨਮ ਅਸਥਾਨ ਮੰਦਰ ਦੇ ਦਰਸ਼ਨਾਂ ਲਈ ਤੀਰਥ ਯਾਤਰਾਵਾਂ ਦੀ ਸਹੂਲਤ ਦੇਣ ਦਾ ਵੀ ਫ਼ੈਸਲਾ ਲਿਆ ਗਿਆ। ਸਬ-ਕਮੇਟੀ ਨੇ ਸੂਬੇ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰੂ ਰਵਿਦਾਸ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੈਮੀਨਾਰ ਕਰਵਾਉਣ ਦੀ ਪ੍ਰਵਾਨਗੀ ਦਿੱਤੀ।
ਹਰ ਜ਼ਿਲ੍ਹੇ ਵਿੱਚ ਡਰੋਨ ਸ਼ੋਅ ਅਤੇ ਪਿੰਡਾਂ ਵਿੱਚ ਦਸਤਾਵੇਜ਼ੀ ਫਿਲਮਾਂ ਦੀ ਸਕ੍ਰੀਨਿੰਗ ਰਾਹੀਂ ਪ੍ਰਚਾਰ ਵੀ ਸ਼ਾਮਲ ਹੈ। ਕੈਬਨਿਟ ਸਬ-ਕਮੇਟੀ ਨੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਜ਼ਿਲ੍ਹੇ ਵਿੱਚ 6.5 ਲੱਖ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸੇ ਤਰ੍ਹਾਂ ਰਾਜ ਵਿਆਪੀ ਖੂਨਦਾਨ ਕੈਂਪ, ਮੈਰਾਥਨ, ਸਾਈਕਲ ਰੈਲੀਆਂ ਅਤੇ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ।
ਮੀਟਿੰਗ ਵਿੱਚ ਸੈਰ-ਸਪਾਟਾ ਵਿਭਾਗ ਦੇ ਸਕੱਤਰ ਕੁਮਾਰ ਅਮਿਤ, ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਡਿਪਟੀ ਡਾਇਰੈਕਟਰ ਯਸ਼ਪਾਲ ਸ਼ਰਮਾ ਵੀ ਹਾਜ਼ਰ ਸਨ।

