ਹਥਿਆਰ ਡੀਲਰ ਸੰਜੈ ਭੰਡਾਰੀ ਭਗੌੜਾ ਕਰਾਰ
ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ ’ਤੇ ਬਰਤਾਨੀਆ ਵਿੱਚ ਰਹਿ ਰਹੇ ਹਥਿਆਰ ਡੀਲਰ ਸੰਜੈ ਭੰਡਾਰੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ। ਅਦਾਲਤ ਨੇ ਭੰਡਾਰੀ ਖ਼ਿਲਾਫ਼ ‘ਭਗੌੜਾ ਆਰਥਿਕ ਅਪਰਾਧੀ ਐਕਟ, 2018’ ਤਹਿਤ ਇਹ ਕਾਰਵਾਈ ਕੀਤੀ ਹੈ। ਹੁਣ ਸੰਘੀ ਜਾਂਚ ਏਜੰਸੀ ਭੰਡਾਰੀ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰ ਸਕੇਗੀ। ਬਰਤਾਨੀਆ ਦੀ ਅਦਾਲਤ ਨੇ ਹਾਲ ਹੀ ਵਿੱਚ ਉਸ ਦੀ ਹਵਾਲਗੀ ਖ਼ਿਲਾਫ਼ ਫੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਉਸ ਦੇ ਭਾਰਤ ਆਉਣ ਦੀਆਂ ਸੰਭਾਵਨਾਵਾਂ ਲਗਪਗ ਖ਼ਤਮ ਹੋ ਚੁੱਕੀਆਂ ਹਨ। ਈਡੀ ਅਨੁਸਾਰ ਆਮਦਨ ਕਰ (ਆਈਟੀ) ਵਿਭਾਗ ਵੱਲੋਂ ਦਿੱਲੀ ਵਿੱਚ ਭੰਡਾਰੀ (63) ਦੇ ਟਿਕਾਣੇ ’ਤੇ ਛਾਪਾ ਮਾਰੇ ਜਾਣ ਮਗਰੋਂ 2016 ਵਿੱਚ ਉਹ ਲੰਡਨ ਭੱਜ ਗਿਆ ਸੀ। ਆਮਦਨ ਕਰ ਵਿਭਾਗ ਨੇ ਕਾਲਾ ਧਨ ਰੋਕੂ ਐਕਟ, 2015 ਤਹਿਤ ਭੰਡਾਰੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਈਡੀ ਨੇ ਫਰਵਰੀ 2017 ਵਿੱਚ ਭੰਡਾਰੀ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਤਹਿਤ ਕੇਸ ਦਰਜ ਕੀਤਾ ਸੀ। ਸੰਘੀ ਏਜੰਸੀ ਨੇ ਭੰਡਾਰੀ ਖ਼ਿਲਾਫ਼ 2020 ਵਿੱਚ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਸੀ। ਏਜੰਸੀ ਵੱਲੋਂ ਭੰਡਾਰੀ ਦੀ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰੌਬਰਟ ਵਾਡਰਾ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ