ਸੰਤੋਖ ਗਿੱਲ
ਰਾਏਕੋਟ, 21 ਮਈ
ਦਿੱਲੀ ਪੁਲੀਸ ਨੇ ਅੱਜ ਰਾਏਕੋਟ ਦੇ ਤਾਜਪੁਰ ਚੌਕ ਵਿੱਚ ਮੋਬਾਈਲ ਫੋਨਾਂ ਦੀ ਮੁਰੰਮਤ ਕਰਨ ਵਾਲੇ ਸ਼ਵਿਮ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਵਿਮ ‘ਤੇ ਚੋਰੀ ਦੇ ਇੱਕ ਮਹਿੰਗੇ ਫੋਨ ਦਾ ਲਾਕ ਖੋਲ੍ਹ ਕੇ ਦੇਣ ਦਾ ਦੋਸ਼ ਹੈ। ਰਾਏਕੋਟ ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਵਿਮ ਨੇ ਸੋਸ਼ਲ ਮੀਡੀਆ ‘ਤੇ ਐਪਲ ਫ਼ੋਨ ਨੂੰ ਅਨਲੌਕ ਕਰਨ ਤੇ ਆਈ ਕਲਾਊਡ ਨੂੰ ਬਾਈਪਾਸ ਕਰਨ ਦੀ ਮੁਹਾਰਤ ਦਾ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਇੱਕ ਮੋਬਾਈਲ ਫ਼ੋਨ ਮਕੈਨਿਕ ਨੇ ਸ਼ਵਿਮ ਨਾਲ ਸੰਪਰਕ ਕੀਤਾ ਤੇ ਐਪਲ ਫ਼ੋਨ ਦਾ ਲੌਕ ਖੋਲ੍ਹਣ ਲਈ ਕਿਹਾ। ਰੇਟ ਤੈਅ ਕਰਨ ਤੋਂ ਬਾਅਦ ਐਪਲ ਫ਼ੋਨ ਕੁਰੀਅਰ ਰਾਹੀਂ ਦਿੱਲੀ ਤੋਂ ਰਾਏਕੋਟ ਦੀ ਦੁਕਾਨ ‘ਤੇ ਭੇਜਿਆ ਗਿਆ, ਜਿਥੇ ਸ਼ਵਿਮ ਨੇ ਫੋਨ ਦਾ ਲੌਕ ਖੋਲ੍ਹ ਦਿੱਤਾ।
ਸੂਤਰਾਂ ਅਨੁਸਾਰ ਇਸ ਕਾਰਵਾਈ ਦੀ ਭਿਣਕ ਦਿੱਲੀ ਪੁਲੀਸ ਤੱਕ ਪਹੁੰਚ ਗਈ, ਜਿਸ ਮਗਰੋਂ ਦਿੱਲੀ ਪੁਲੀਸ ਨੇ ਰਾਏਕੋਟ ਪੁਲੀਸ ਦੀ ਮਦਦ ਨਾਲ ਅੱਜ ਸ਼ਵਿਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ ਦੇ ਅਧਿਕਾਰੀ ਗੋਬਿੰਦ ਸਿੰਘ ਨੇ ਦੱਸਿਆ ਕਿ ਐਪਲ ਫ਼ੋਨ ਚੋਰੀ ਹੋਣ ਮਗਰੋਂ ਫੋਨ ਦੇ ਮਾਲਕ ਨੇ ਤਕਨੀਕੀ ਮਦਦ ਨਾਲ ਫ਼ੋਨ ਦਾ ਟਿਕਾਣਾ ਲੱਭ ਲਿਆ ਸੀ ਤੇ ਦਿੱਲੀ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਹਾਲਾਂਕਿ ਫ਼ੋਨ ਮਕੈਨਿਕ ਸ਼ਵਿਮ ਨੇ ਪੁਲੀਸ ਕੋਲ ਫ਼ੋਨ ਦਾ ਲੌਕ ਖੋਲ੍ਹਣ ਦੀ ਗੱਲ ਤੋਂ ਇਨਕਾਰ ਕੀਤਾ ਹੈ, ਪਰ ਪੁਲੀਸ ਵੱਲੋਂ ਮਕੈਨਿਕ ਸ਼ਵਿਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।