ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਮਈ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜ ਸਿੰਘ ਸਾਹਿਬਾਨ ਨੂੰ ਸਾਰੇ ਧਾਰਮਿਕ ਅਸਥਾਨਾਂ ਦੇ ਲੰਗਰ ਹਾਲ ਤੇ ਦੀਵਾਨ ਹਾਲ ਕਰੋਨਾ ਵਾਰਡਾਂ ’ਚ ਤਬਦੀਲ ਕਰਨ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਲਈ ਇਹ ਕਾਫੀ ਮੁਸ਼ਕਲ ਦਾ ਸਮਾਂ ਹੈ। ਜ਼ਿਆਦਾਤਰ ਹਸਪਤਾਲਾਂ ਵਿੱਚ ਬੈੱਡ ਉਪਲਬਧ ਨਹੀਂ ਹਨ। ਲੋਕ ਸੜਕਾਂ ’ਤੇ ਪਏ ਹਨ। ਸਿਹਤ ਪ੍ਰਣਾਲੀ ਮਰੀਜ਼ਾਂ ਦੇ ਬੋਝ ਹੇਠ ਦੱਬੀ ਗਈ ਹੈ। ਇਸ ਲਈ ਧਾਰਮਿਕ ਅਸਥਾਨਾਂ ਦੇ ਹਾਲਾਂ ਨੂੰ ਅਸਥਾਈ ਕੋਵਿਡ ਕੇਅਰ ਹਸਪਤਾਲਾਂ ਵਿੱਚ ਤਬਦੀਲ ਕਰਨ ਦੀ ਲੋੜ ਹੈ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਦੇ ਲੱਖੀ ਸ਼ਾਹ ਵਣਜਾਰਾ ਹਾਲ ਨੂੰ ਕੋਵਿਡ ਕੇਅਰ ਹਸਪਤਾਲ ਵਿੱਚ ਤਬਦੀਲ ਕਰਨ ਦੀ ਸ਼ਲਾਘਾ ਕੀਤੀ ਹੈ।