DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੇਅਦਬੀ ਰੋਕੂ ਕਾਨੂੰਨ: ਜਥੇਦਾਰ ਨੇ ਸਰਕਾਰ ਨੂੰ ਤਰੀਕ ਯਾਦ ਕਰਵਾਈ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਤਿਕਾਰ ਸੋਧ ਐਕਟ ਵਿੱਚ ਲੋੜੀਂਦੀ ਸੋਧ ਕਰਨ ਲਈ ਨਿਰਧਾਰਤ ਕੀਤਾ ਸਮਾਂ ਖ਼ਤਮ ਹੋਣ ਸਬੰਧੀ ਯਾਦ ਕਰਵਾਇਆ ਹੈ। ਅਕਾਲ ਤਖ਼ਤ ਵੱਲੋਂ ਪੰਜਾਬ ਸਰਕਾਰ ਨੂੰ ਜਾਗਤ ਜੋਤਿ ਸ੍ਰੀ ਗੁਰੂ...

  • fb
  • twitter
  • whatsapp
  • whatsapp
Advertisement

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸਤਿਕਾਰ ਸੋਧ ਐਕਟ ਵਿੱਚ ਲੋੜੀਂਦੀ ਸੋਧ ਕਰਨ ਲਈ ਨਿਰਧਾਰਤ ਕੀਤਾ ਸਮਾਂ ਖ਼ਤਮ ਹੋਣ ਸਬੰਧੀ ਯਾਦ ਕਰਵਾਇਆ ਹੈ। ਅਕਾਲ ਤਖ਼ਤ ਵੱਲੋਂ ਪੰਜਾਬ ਸਰਕਾਰ ਨੂੰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2006 ਵਿੱਚ ਸੋਧ ਕਰਨ ਲਈ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ 29 ਜੁਲਾਈ ਨੂੰ ਖਤਮ ਹੋ ਰਿਹਾ ਹੈ।

ਇਸ ਮਾਮਲੇ ਵਿੱਚ ਅਕਾਲ ਤਖ਼ਤ ਵੱਲੋਂ ਪੰਜਾਬ ਸਰਕਾਰ ਦੇ ਸਾਰੇ ਸਿੱਖ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ 29 ਜੂਨ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ ਗਿਆ ਸੀ। ਜਥੇਦਾਰ ਗੜਗੱਜ ਵੱਲੋਂ ਉਨ੍ਹਾਂ ਕੋਲੋਂ ਇਤਰਾਜ਼ਯੋਗ ਮੱਦਾਂ ਬਾਰੇ ਵੀ ਪੁੱਛ-ਗਿੱਛ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਕੱਲ੍ਹ ਜਦੋਂ ਮੀਰੀ ਪੀਰੀ ਖਾਲਸਾ ਮਾਰਚ ਚੀਫ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ’ਤੇ ਪੁੱਜਾ ਅਤੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਹੋਰਨਾਂ ਵੱਲੋਂ ਇਸ ਮਾਰਚ ਦਾ ਸਵਾਗਤ ਕੀਤਾ ਗਿਆ ਸੀ। ਇਸ ਮੌਕੇ ਜਥੇਦਾਰ ਗੜਗੱਜ ਵੱਲੋਂ ‘ਆਪ’ ਵਿਧਾਇਕ ਅਤੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਯਾਦ ਕਰਵਾਇਆ ਗਿਆ ਕਿ ਐਕਟ ਵਿੱਚ ਸੋਧ ਕਰਨ ਵਾਸਤੇ ਦਿੱਤਾ ਗਿਆ ਮਹੀਨੇ ਦਾ ਸਮਾਂ ਕੁਝ ਦਿਨਾਂ ਤੋਂ ਬਾਅਦ ਖਤਮ ਹੋ ਰਿਹਾ ਹੈ। ਜਥੇਦਾਰ ਗੜਗੱਜ ਵੱਲੋਂ ਸਿੱਧੇ ਰੂਪ ਵਿੱਚ ਡਾ. ਨਿੱਜਰ ਰਾਹੀਂ ਸਰਕਾਰ ਨੂੰ ਇਸ ਲੋੜੀਂਦੀ ਸੋਧ ਬਾਰੇ ਮੁੜ ਯਾਦ ਕਰਵਾਇਆ ਗਿਆ ਹੈ। ‘ਆਪ’ ਵਿਧਾਇਕ ਡਾਕਟਰ ਨਿੱਜਰ ਨੇ ਜਥੇਦਾਰ ਗੜਗੱਜ ਨਾਲ ਹੋਈ ਇਸ ਗੈਰ- ਰਸਮੀ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਜਥੇਦਾਰ ਵੱਲੋਂ ਸਤਿਕਾਰ ਸੋਧ ਐਕਟ ਵਿੱਚ ਕੁਝ ਮੱਦਾਂ ’ਤੇ ਸਖਤ ਇਤਰਾਜ਼ ਕੀਤਾ ਗਿਆ।

Advertisement

ਉਨ੍ਹਾਂ ਆਖਿਆ ਕਿ ਐਕਟ ਵਿਚਲੀਆਂ ਇਹ ਮੱਦਾਂ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਨਗੀਆਂ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਅਤੇ ਹੋਰ ਵੀ ਕਈ ਸਿੱਖ ਜਥੇਬੰਦੀਆਂ ਸਖਤ ਇਤਰਾਜ਼ ਪ੍ਰਗਟ ਕਰ ਚੁੱਕੀਆਂ ਹਨ। ਅਕਾਲ ਤਖ਼ਤ ਵੱਲੋਂ ਇਸ ਸਬੰਧ ਵਿੱਚ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੱਦਿਆ ਗਿਆ ਸੀ ਅਤੇ ਇਨ੍ਹਾਂ ਇਤਰਾਜ਼ਯੋਗ ਮੱਦਾਂ ਬਾਰੇ ਜਾਣੂ ਕਰਵਾਇਆ ਗਿਆ ਸੀ।

Advertisement

Advertisement
×