ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੀ ਗਿਣਤੀ ਦੇ ਮੱਦੇਨਜ਼ਰ ਮਹਾਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਰਾਤ ਨੌਂ ਵਜੇ ਤੋਂ ਸਵੇੇਰੇ ਪੰਜ ਵਜੇ ਤਕ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਤ ਦਾ ਕਰਫਿਊ ਸਾਰੇ ਸ਼ਹਿਰਾਂ ’ਚ ਆਇਦ ਹੋਵੇਗਾ। ਅੱਜ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਲੋਕਾਂ ਦਾ ਗ਼ੈਰਜ਼ਰੂਰੀ ਆਉਣ ਜਾਣ ਅਤੇ ਸਮਾਜਿਕ ਮੇਲ-ਮਿਲਾਪ ਰੋਕਣ ਲਈ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਅਗਲੇ ਪੰਦਰਵਾੜੇ ਲਈ ਹਫ਼ਤੇ ਦੇ ਅੰਤਲੇ ਦਿਨਾਂ (ਸ਼ਨਿਚਰਵਾਰ ਤੇ ਐਤਵਾਰ) ਦੌਰਾਨ ਘਰ ਅੰਦਰ ਰਹਿਣ (ਸਟੇਅ ਐਟ ਹੋਮ) ਦਾ ਐਲਾਨ ਕੀਤਾ ਜਿਸ ਮਗਰੋਂ ਸਥਿਤੀ ਦਾ ਮੁੜ ਜਾਇਜ਼ਾ ਲਿਆ ਜਾਵੇਗਾ। ਇੱਕ ਹੋਰ ਅਹਿਮ ਫ਼ੈਸਲੇ ਅਨੁਸਾਰ ਹਰ ਮੈਰਿਜ ਪੈਲੇਸ, ਰੈਸਟੋਰੈਂਟ, ਦਫ਼ਤਰ ਜਿੱਥੇ 10 ਤੋਂ ਵਧੇਰੇ ਲੋਕ ਇਕੱਠੇ ਹੁੰਦੇ ਹਨ, ਵੱਲੋਂ ਇਕ ਕੋਵਿਡ ਨਿਗਰਾਨ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਕਰੋਨਾ ਤੋਂ ਸੁਰੱਖਿਆ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।