ਅਨਮੋਲ ਸ਼ਰਮਾ ਨੇ ਸੰਭਾਲਿਆ ਦੋਰਾਹਾ ਨਗਰ ਕੌਂਸਲ ਪ੍ਰਧਾਨ ਦਾ ਅਹੁਦਾ
ਵਿਧਾਇਕ ਗਿਆਸਪੁਰਾ ਨੇ ਮੁੱਖ ਮੰਤਰੀ ਦੀਆਂ ਨੀਤੀਆਂ ਨੂੰ ਦੱਸਿਆ ਜਿੱਤ ਦਾ ਆਧਾਰ
ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਜਿੱਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਨਮੋਲ ਸ਼ਰਮਾ (ਐਨੀ) ਨੇ ਅੱਜ ਬਤੌਰ ਨਗਰ ਕੌਂਸਲ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ।
ਐਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦੋਰਾਹਾ ਵਿੱਚ ‘ਆਪ’ ਦੇ 15 ਵਿੱਚੋਂ 9 ਮੈਂਬਰਾਂ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਹ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਸਾਰੂ ਨੀਤੀਆਂ ਦੀ ਜਿੱਤ ਹੈ।
ਇਸ ਮੌਕੇ ਪ੍ਰਧਾਨ ਐਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਗਿਆਸਪੁਰਾ ਅਤੇ ‘ਆਪ’ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਲੈ ਕੇ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਬਿੱਟੂ, ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ, ਕੌਂਸਲਰ ਰਿੱਕੀ ਬੈਕਟਰ, ਗੌਤਮ ਪੰਕਜ, ਹਰਨੇਕ ਸਿੰਘ ਨੇਕੀ ਅਤੇ ਸ਼ਹਿਰ ਦੀਆਂ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਐਨੀ ਸ਼ਰਮਾ ਦੇ ਪਿਤਾ ਸੁਦਰਸ਼ਨ ਕੁਮਾਰ ਸ਼ਰਮਾ (ਪੱਪੂ) ਪਿਛਲੇ 35 ਵਰ੍ਹਿਆਂ ਤੋਂ ਦੋਰਾਹਾ ਦੇ ਕੌਂਸਲਰ ਬਣਦੇ ਆ ਰਹੇ ਹਨ ਅਤੇ ਪਿਛਲੀ ਵਾਰ ਕੌਂਸਲ ਪ੍ਰਧਾਨ ਵੀ ਰਹੇ ਹਨ। ਇਸ ਵਾਰ ਵੀ ਸ੍ਰੀ ਸ਼ਰਮਾ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰਿਆ ਸ਼ਰਮਾ ਅਤੇ ਪੁੱਤਰ ਐਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਹੈ।

