ਪਸ਼ੂ ਪਾਲਣ ਵਿਭਾਗ ਵੱਲੋਂ 47 ਵੈਟਰਨਰੀ ਇੰਸਪੈਕਟਰ ਚਾਰਜਸ਼ੀਟ
ਅਨੁਸ਼ਾਸਨਹੀਣਤਾ ਕਾਰਨ ਕਾਰਵਾੲੀ; 21 ਦਿਨਾਂ ਵਿੱਚ ਜੁਆਬ ਦੇਣ ਲੲੀ ਕਿਹਾ
ਪਸ਼ੂ ਪਾਲਣ ਵਿਭਾਗ ਨੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਸਮੇਤ 22 ਜ਼ਿਲ੍ਹਿਆਂ ਦੇ 47 ਵੈਟਰਨਰੀ ਇੰਸਪੈਕਟਰਾਂ ਨੂੰ ਚਾਰਜਸੀਟ ਕਰਕੇ ਜਵਾਬ ਦੇਣ ਲਈ 21 ਦਿਨਾਂ ਦਾ ਸਮਾਂ ਦਿੱਤਾ ਹੈ। ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਇਸ ਕਾਰਵਾਈ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵੈਟਰਨਰੀ ਇੰਸਪੈਕਟਰਾਂ ਖਿਲ਼ਾਫ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਕਾਰਵਾਈ ਦੱਸਦਿਆਂ ਜਥੇਬੰਦਕ ਏਕੇ ਨਾਲ ਮੂੰਹ ਤੋੜ ਜਵਾਬ ਦੇਣ ਦਾ ਐਲਾਨ ਕੀਤਾ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ 19 ਅਗਸਤ ਨੂੰ ਜਾਰੀ ਚਾਰਜਸ਼ੀਟ ਵਿਚ ਸੂਬਾ ਪ੍ਰਧਾਨ ਬਾਸੀ ਸਮੇਤ 47 ਵੈਟਰਨਰੀ ਇੰਸਪੈਕਟਰਾਂ ਉਪਰ ਵੈਕਸੀਨੇਸ਼ਨ ਅਤੇ ਬਨਾਉਟੀ ਗਰਭਦਾਨ ਦਾ ਡਾਟਾ ਸਬੰਧਤ ਪੋਰਟਲ ਉਪਰ ਅੱਪਲੋਡ ਨਾ ਕਰਨ ਕਰਕੇ ਅਨੁਸ਼ਾਸਨਹੀਣਤਾ ਅਤੇ ਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਵਿਭਾਗ ਦਾ ਅਕਸ ਖਰਾਬ ਕਰਨ ਦੇ ਦੋਸ਼ ਲਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਸਿਵਲ ਪਸ਼ੂ ਡਿਸਪੈਂਸਰੀ ਘੁੰਮਣਵਾਲੀ ’ਚ ਵੈਟਰਨਰੀ ਇੰਸਪੈਕਟਰ ਵਜੋਂ ਤਾਇਨਾਤ ਸੂਬਾ ਪ੍ਰਧਾਨ ਗੁਰਦੀਪ ਬਾਸੀ ਸਮੇਤ ਜ਼ਿਲ੍ਹਾ ਲੁਧਿਆਣਾ, ਅੰਮ੍ਰਿਤਸਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਰੂਪ ਨਗਰ, ਮੁਹਾਲੀ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨ ਤਾਰਨ ਦੇ ਦੋ-ਦੋ, ਬਠਿੰਡਾ ਦਾ ਇੱਕ, ਮੁਕਤਸਰ ਦੇ ਤਿੰਨ ਅਤੇ ਪਠਾਨਕੋਟ ਦੇ ਚਾਰ ਵੈਟਰਨਰੀ ਇੰਸਪੈਕਟਰਾਂ ਨੂੰ ਚਾਰਜਸ਼ੀਟ ਜਾਰੀ ਕਰਕੇ 21 ਦਿਨਾਂ ਅੰਦਰ ਸਪੱਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਹੈ। ਪੰਜਾਬ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ, ਸੂਬਾਈ ਆਗੂ ਵਿਪਨ ਕੁਮਾਰ ਗੋਇਲ ਅਤੇ ਪਰਮਜੀਤ ਸੋਹੀ ਨੇ ਵਿਭਾਗ ਦੀ ਕਾਰਵਾਈ ਨੂੰ ਸੰਘਰਸ਼ ਕਰ ਰਹੇ ਵੈਟਰਨਰੀ ਇੰਸਪੈਕਟਰ ਕੇਡਰ ਦਾ ਮਨੋਬਲ ਤੋੜਨ ਵਾਲੀ ਕੋਝੀ ਹਰਕਤ ਦੱਸਦਿਆਂ ਕਿਹਾ ਕਿ ਜਥੇਬੰਦੀ ਇਨ੍ਹਾਂ ਫੁਰਮਾਨਾਂ ਖ਼ਿਲਾਫ ਸੜਕਾਂ ’ਤੇ ਲੜਾਈ ਲੜੇਗੀ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੀ ਅਫਸਰਸ਼ਾਹੀ ਵੱਲੋਂ ਪਾਈਆਂ ਜਾਂਦੀਆਂ ਬੋਗਸ ਐਂਟਰੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਚਾਰਜਸ਼ੀਟ ਖ਼ਿਲਾਫ਼ ਮੁਹਾਲੀ ਵਿੱਚ ਭਲਕੇ ਧਰਨੇ ਦਾ ਐਲਾਨ
ਮੁਕੇਰੀਆਂ (ਪੱਤਰ ਪ੍ਰੇਰਕ): ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵਲੋਂ 47 ਵੈਟਰਨਰੀ ਇੰਸਪੈਕਟਰਾਂ ਨੂੰ ਚਾਰਜਸ਼ੀਟ ਕੀਤੇ ਜਾਣ ਦੇ ਵਿਰੋਧ ਵਿੱਚ 23 ਅਗਸਤ ਨੂੰ ਮੁਹਾਲੀ ਦਫ਼ਤਰ ਅੱਗੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਫੈਸਲਾ ਵੈਟਰਟਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਜਨਰਲ ਸਕੱਤਰ ਵਿਪਨ ਗੋਇਲ ਨੇ ਦੱਸਿਆ ਕਿ ਵੈਟਰਨਰੀ ਇੰਸਪੈਕਟਰ ਚਾਰ ਸਾਲਾਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਜਥੇਬੰਦੀ ਦੀਆਂ ਕਈ ਮੀਟਿੰਗਾਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ। ਹਰ ਮੀਟਿੰਗ ਵਿੱਚ ਜਥੇਬੰਦੀ ਦੀਆਂ ਮੰਗਾਂ ਜਾਇਜ਼ ਮੰਨੇ ਜਾਣ ਦੇ ਬਾਵਜੂਦ ਵੈਟਨਰੀ ਇੰਸਪੈਕਟਰਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਜਿਸ ਦੇ ਵਿਰੋਧ ਵਿੱਚ ਜਥੇਬੰਦੀ ਵਲੋਂ 170 ਦਿਨਾਂ ਤੋਂ ਵਰਕ ਟੂ ਰੂਲ ਅਨੁਸਾਰ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਵਿਭਾਗੀ ਅਫਸਰਸ਼ਾਹੀ ਵੱਲੋਂ ਕਥਿਤ ਬਦਲਾਖੋਰੀ ਦੀ ਨੀਤੀ ਤਹਿਤ 47 ਵੈਟਰਨਰੀ ਇੰਸਪੈਕਟਰਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ 23 ਅਗਸਤ ਨੂੰ ਮੁਹਾਲੀ ਡਾਇਰੈਕਟੋਰੇਟ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਛੰਨਾ, ਗੁਰਮੀਤ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ ਨਾਭਾ, ਸਤਨਾਮ ਸਿੰਘ ਅੰਮ੍ਰਿਤਸਰ, ਰਾਮ ਲੁਭਾਇਆ, ਰਾਜੀਵ ਮਲਹੋਤਰਾ, ਦਲਜੀਤ ਸਿੰਘ ਚਾਹਲ, ਹਰਦੀਪ ਸਿੰਘ ਗਿਆਨਾ, ਜਗਜੀਤ ਸਿੰਘ ਸੰਗਰੂਰ, ਧਰਮਵੀਰ ਸਿੰਘ, ਪ੍ਰਵੀਨ ਕੁਮਾਰ, ਦਮਨਜੀਤ ਸਿੰਘ ਗਿੱਲ, ਰਕੇਸ਼ ਸੈਣੀ, ਵਿਜ ਕੰਬੋਜ ਹਾਜ਼ਰ ਸਨ।

