ਪੰਜਾਬ ਦੀ ਜੂਹ ਛੱਡ ਫ਼ਰਾਰ ਹੋਇਆ ਅੰਮ੍ਰਿਤਪਾਲ ! : The Tribune India

ਪੰਜਾਬ ਦੀ ਜੂਹ ਛੱਡ ਫ਼ਰਾਰ ਹੋਇਆ ਅੰਮ੍ਰਿਤਪਾਲ !

36 ਘੰਟਿਆਂ ਵਿੱਚ ਸ਼ਾਹਬਾਦ ਪੁੱਜਿਆ; ਪਨਾਹ ਦੇਣ ਵਾਲੀ ਔਰਤ ਗ੍ਰਿਫ਼ਤਾਰ

ਪੰਜਾਬ ਦੀ ਜੂਹ ਛੱਡ ਫ਼ਰਾਰ ਹੋਇਆ ਅੰਮ੍ਰਿਤਪਾਲ !

ਚਰਨਜੀਤ ਭੁੱਲਰ

ਚੰਡੀਗੜ੍ਹ, 23 ਮਾਰਚ

‘ਵਾਰਿਸ ਪੰਜਾਬ ਦੇ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਪੰਜਾਬ ਦੀ ਜੂਹ ਛੱਡਣ ਵਿੱਚ ਕਾਮਯਾਬ ਹੋ ਗਿਆ ਹੈ, ਜਿਸ ਮਗਰੋਂ ਦੂਸਰੇ ਸੂਬਿਆਂ ਦੀ ਪੁਲੀਸ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਸ਼ਾਹਕੋਟ ਤੋਂ ਅੰਮ੍ਰਿਤਪਾਲ ਸਿੰਘ ਕਰੀਬ ਛੱਤੀ ਘੰਟਿਆਂ ਵਿੱਚ ਹਰਿਆਣਾ ਦੇ ਸ਼ਾਹਬਾਦ ’ਚ ਪੁੱਜਿਆ, ਜਿੱਥੇ ਉਸ ਨੇ ਇੱਕ ਔਰਤ ਬਲਜੀਤ ਕੌਰ ਦੇ ਘਰ 19 ਮਾਰਚ ਦੀ ਰਾਤ ਨੂੰ ਪਨਾਹ ਲਈ ਸੀ। ਦੂਸਰੇ ਦਿਨ ਹੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਪਲਪ੍ਰੀਤ ਸਿੰਘ ਨੇ ਸ਼ਾਹਬਾਦ ਤੋਂ ਅੱਗੇ ਚਾਲੇ ਪਾ ਦਿੱਤੇ ਸਨ। ਪੰਜਾਬ ਤੇ ਹਰਿਆਣਾ ਪੁਲੀਸ ਨੇ ਸਾਂਝਾ ਅਪਰੇਸ਼ਨ ਕਰ ਕੇ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੇਰਵਿਆਂ ਅਨੁਸਾਰ ਬਲਜੀਤ ਕੌਰ ਦੀ ਪੁੱਛ-ਪੜਤਾਲ ਤੋਂ ਸੰਕੇਤ ਮਿਲੇ ਹਨ ਕਿ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਪਪਲਪ੍ਰੀਤ ਸਿੰਘ ਸਮੇਤ ਉੱਤਰਾਖੰਡ ’ਚ ਦਾਖ਼ਲ ਹੋ ਸਕਦਾ ਹੈ। ਪੁਲੀਸ ਨੂੰ ਖ਼ਦਸ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਅੱਗੇ ਨੇਪਾਲ ਜਾਣ ਦੀ ਕੋਸ਼ਿਸ਼ ਵਿੱਚ ਹੋ ਸਕਦਾ ਹੈ। ਪਤਾ ਲੱਗਿਆ ਹੈ ਕਿ ਅੱਧੀ ਦਰਜਨ ਸੂਬਿਆਂ ’ਚ ਅਲਰਟ ਜਾਰੀ ਹੋ ਚੁੱਕਿਆ ਹੈ ਤੇ ਅੰਮ੍ਰਿਤਪਾਲ ਖ਼ਿਲਾਫ਼ ਲੁੱਕਆਊਟ ਸਰਕੁਲਰ ਵੀ ਪਹਿਲਾਂ ਜਾਰੀ ਹੋਇਆ ਹੈ। ਕੌਮਾਂਤਰੀ ਭਾਰਤ-ਪਾਕਿ ਸਰਹੱਦ ’ਤੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਨਸ਼ਰ ਕਰ ਦਿੱਤੀਆਂ ਗਈਆਂ ਹਨ। ਪੁਲੀਸ ਸੀਸੀਟੀਵੀ ਫੁਟੇਜ ਜ਼ਰੀਏ ਅੰਮ੍ਰਿਤਪਾਲ ਦੀ ਪੈੜ ਨੱਪ ਰਹੀ ਹੈ। ਪੰਜਾਬ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਖ਼ਿਲਾਫ਼ ਅੱਠ ਪੁਲੀਸ ਕੇਸ ਦਰਜ ਕੀਤੇ ਹਨ। ਪੁਲੀਸ ਨੇ ਹੁਣ ਤੱਕ 207 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ’ਚੋਂ 30 ਵਿਅਕਤੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕੀਤੇ ਗਏ ਹਨ ਜਦੋਂ ਕਿ 177 ਜਣਿਆ ਨੂੰ ਧਾਰਾ 107,151 ਤਹਿਤ ਹੀ ਹਿਰਾਸਤ ’ਚ ਰੱਖਿਆ ਹੈ। ਅੱਜ ਬਾਬਾ ਬਕਾਲਾ ਅਦਾਲਤ ਨੇ 11 ਜਣਿਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸੇ ਦੌਰਾਨ ਖੰਨਾ ਪੁਲੀਸ ਨੇ ਅੰਮ੍ਰਿਤਪਾਲ ਦੇ ਗੰਨਮੈਨ ਰਹੇ ਤੇਜਿੰਦਰ ਗਿੱਲ ਉਰਫ਼ ਗੋਰਖਾ ਬਾਬਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਪਿੰਡ ਜੱਲੂਪੁਰ ਖੇੜਾ ’ਚ ਫਾਇਰਿੰਗ ਰੇਂਜ ਬਣਾ ਕੇ ਸਿਖਲਾਈ ਲੈਣ ਦੀ ਗੱਲ ਸਾਹਮਣੇ ਆਈ ਹੈ। ਦੂਸਰੇ ਪਾਸੇ ਸਿਆਸੀ ਤੌਰ ’ਤੇ ਪੰਜਾਬ ਵਿੱਚ ਸਰਕਾਰ ਪ੍ਰਤੀ ਅਜਿਹਾ ਨਜ਼ਰੀਆ ਬਣਨਾ ਸ਼ੁਰੂ ਹੋ ਗਿਆ ਹੈ ਕਿ ਪੰਜਾਬ ਪੁਲੀਸ ਸੂਬੇ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਇੱਕ ਕਾਨੂੰਨੀ ਟੀਮ ਬਣਾ ਦਿੱਤੀ ਹੈ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੇਕਸੂਰ ਨੌਜਵਾਨਾਂ ਦੇ ਹੱਕ ਵਿੱਚ ਨਾਅਰਾ ਮਾਰਿਆ ਹੈ। ਬੇਸ਼ੱਕ ਪੰਜਾਬ ਵਿੱਚ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ’ਚ ਕੋਈ ਧਰਨਾ ਨਜ਼ਰ ਨਹੀਂ ਆ ਰਿਹਾ ਹੈ ਪ੍ਰੰਤੂ ਮੌਜੂਦਾ ਸਰਕਾਰ ਖ਼ਿਲਾਫ਼ ਸਿਆਸੀ ਬਿਰਤਾਂਤ ਬਣਨ ਲੱਗਾ ਹੈ।

ਕਈ ਮਾਪਿਆਂ ਨੇ ਪੁਲੀਸ ਹਿਰਾਸਤ ਨੂੰ ਲੈ ਕੇ ਆਪਣੇ ਬੱਚਿਆਂ ਦੀ ਰਿਹਾਈ ਲਈ ਅਦਾਲਤਾਂ ਤੱਕ ਵੀ ਪਹੁੰਚ ਕੀਤੀ ਹੈ। ਪੰਜਾਬ ਪੁਲੀਸ ਦੇ ਬੁਲਾਰੇ ਡਾ. ਸੁਖਚੈਨ ਸਿੰਘ ਗਿੱਲ ਨੇ ਅੱਜ ਸ਼ਾਮ ਵੇਲੇ ਖ਼ੁਲਾਸਾ ਕੀਤਾ ਕਿ ਗੁਰਤੇਜ ਭੇਜਾ ਨਾਮ ਦੇ ਵਿਅਕਤੀ ਤੋਂ ਪੁੱਛਪੜਤਾਲ ਦੌਰਾਨ ਅੰਮ੍ਰਿਤਪਾਲ ਦੇ ਹਰਿਆਣਾ ’ਚ ਹੋਣ ਦਾ ਸੁਰਾਗ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਨੇ ਪਿੰਡ ਸ਼ੇਖੂਪੁਰਾ ਤੋਂ ਸਪਲੈਂਡਰ ਬਾਈਕ ਖੋਹੀ ਸੀ ਅਤੇ 19 ਮਾਰਚ ਦੀ ਸ਼ਾਮ ਨੂੰ 9.40 ਵਜੇ ਲੁਧਿਆਣਾ ਦੇ ਹਾਰਡੀ ਵਰਲਡ ਲਾਗਿਓਂ ਆਟੋ ਲਿਆ ਸੀ। ਡਾ. ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਸ਼ਾਹਬਾਦ ਵਿੱਚ ਬਲਜੀਤ ਕੌਰ ਨਾਮ ਦੀ ਔਰਤ ਦੀ ਕਰੀਬ ਢਾਈ ਵਰ੍ਹਿਆਂ ਤੋਂ ਅੰਮ੍ਰਿਤਪਾਲ ਨਾਲ ਜਾਣ-ਪਛਾਣ ਸੀ। ਇਹ ਔਰਤ ਦਾ ਪਤੀ ਕਿਸੇ ਸਰਕਾਰੀ ਅਧਿਕਾਰੀ ਦਾ ਰੀਡਰ ਹੈ। ਉਨ੍ਹਾਂ ਦੱਸਿਆ ਕਿ ਸ਼ਾਹਬਾਦ ’ਚੋਂ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। 20 ਮਾਰਚ ਨੂੰ ਅੰਮ੍ਰਿਤਪਾਲ ਨੇ ਸ਼ਾਹਬਾਦ ਤੋਂ ਅੱਗੇ ਰਵਾਨਗੀ ਪਾ ਦਿੱਤੀ ਸੀ ਅਤੇ ਇੱਕ ਸੀਸੀਟੀਵੀ ਫੁਟੇਜ ਵਿੱਚ ਅੰਮ੍ਰਿਤਪਾਲ ਨੇ ਛਤਰੀ ਲਈ ਹੋਈ ਹੈ। ਅੰਮ੍ਰਿਤਪਾਲ ਨੇ ਆਪਣਾ ਹੁਲੀਆ ਬਦਲਿਆ ਹੋਇਆ ਹੈ। ਡਾ. ਗਿੱਲ ਨੇ ਦੱਸਿਆ ਕਿ ਖੰਨਾ ਪੁਲੀਸ ਨੇ ਪਿੰਡ ਮਾਂਗੇਵਾਲਾ ਦੇ ਤੇਜਿੰਦਰ ਗਿੱਲ ਉਰਫ਼ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਮੋਬਾਈਲ ਨੂੰ ਖੰਗਾਲਿਆ ਗਿਆ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਥਾਣਾ ਮਲੌਦ ਵਿੱਚ ਗੋਰਖਾ ਬਾਬਾ ’ਤੇ ਐਫ.ਆਈ.ਆਰ ਨੰਬਰ 23 ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੋਨ ਵੀਡੀਓਜ਼ ਤੋਂ ਪਤਾ ਲੱਗਿਆ ਹੈ ਕਿ ਪਿੰਡ ਜੱਲੂਪੁਰ ਖੇੜਾ ਵਿੱਚ ਫਾਇਰਿੰਗ ਰੇਂਜ ਬਣਾ ਕੇ ਸਿਖਲਾਈ ਵੀ ਕੀਤੀ ਗਈ ਸੀ ਅਤੇ ਹਥਿਆਰਾਂ ਨੂੰ ਖੋਲ੍ਹਣ ਜੋੜਨ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਉਨ੍ਹਾਂ ਦੀ ਦੇਸ਼ ਵਿਰੋਧੀ ਗਤੀਵਿਧੀ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦਰਜਨ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਪੁਲੀਸ ਅੰਮ੍ਰਿਤਪਾਲ ਦੀ ਟਰੈਕਿੰਗ ਕਰ ਰਹੀ ਹੈ। ਆਈ.ਜੀ ਗਿੱਲ ਨੇ ਦੱਸਿਆ ਕਿ ਬਾਕੀ ਸੂਬਿਆਂ ਨੂੰ ਵੀ ਅਲਰਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਹਮਣੇ ਆਈਆਂ ਵੀਡੀਓਜ਼ ਜਿਸ ’ਚ ਜਗਾੜੂ ਰੇਹੜੀ ਵੀ ਸ਼ਾਮਲ ਹੈ, ਦੀ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਕੋਈ ਸੋਸ਼ਲ ਮੀਡੀਆ ਖਾਤੇ ਬੰਦ ਕੀਤੇ ਗਏ ਹਨ, ਉਨ੍ਹਾਂ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਤੋਂ ਇੱਕ ਬੀਮਾ ਏਜੰਟ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।

ਬੇਗੁਨਾਹਾਂ ਨੂੰ ਛੱਡਿਆ ਜਾਵੇਗਾ: ਗਿੱਲ

ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਨਾਲ ਆਈ.ਜੀ ਸੁਖਚੈਨ ਗਿੱਲ ਨੇ ਕਿਹਾ ਕਿ ਅੰਮ੍ਰਿਤਪਾਲ ਮਾਮਲੇ ਵਿੱਚ ਕਿਸੇ ਵੀ ਬੇਗੁਨਾਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਜਿਹੜੇ ਭੜਕੇ ਹੋਏ 177 ਨੌਜਵਾਨਾਂ ਨੂੰ ਇਹਤਿਆਤ ਦੇ ਤੌਰ ’ਤੇ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਨੂੰ ਵੈਰੀਫਿਕੇਸ਼ਨ ਕਰਨ ਮਗਰੋਂ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਗੱਲ ਤੋਂ ਕਿਸੇ ਨੂੰ ਤੰਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੀ ਸਥਿਤੀ ਕੰਟਰੋਲ ਅਧੀਨ ਦੱਸਿਆ। ਇਹ ਵੀ ਦੱਸਿਆ ਕਿ ਸਿਰਫ਼ 30 ਕੱਟੜ ਸਮਰਥਕਾਂ ’ਤੇ ਫ਼ੌਜਦਾਰੀ ਕੇਸ ਦਰਜ ਕੀਤੇ ਗਏ ਹਨ।

ਪ੍ਰੀਖ਼ਿਆਵਾਂ ਲਈ ਅਪਲਾਈ ਕਰਨ ਦਾ ਮੌਕਾ ਮਿਲੇਗਾ

ਪੰਜਾਬ ਵਿਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਨੂੰ ਜ਼ਿਲ੍ਹਾ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ ਬਿਨਾਂ ਬਾਕੀ ਸਾਰੇ ਸੂਬੇ ਵਿੱਚ ਬਹਾਲ ਕਰ ਦਿੱਤਾ ਗਿਆ ਹੈ। ਅੱਜ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇੰਟਰਨੈੱਟ ਬੰਦ ਰਹਿਣ ਕਰ ਕੇ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਵਾਸਤੇ ਪ੍ਰਵੇਸ਼ ਪ੍ਰੀਖ਼ਿਆ ਲਈ ਅਪਲਾਈ ਕਰਨ ਦੀ ਤਰੀਕ ਲੰਘ ਚੁੱਕੀ ਹੈ, ਉਨ੍ਹਾਂ ਪ੍ਰੀਖਿਆਵਾਂ ਦੀ ਤਰੀਕ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਸਭ ਨੂੰ ਮੌਕਾ ਮਿਲ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All