ਜਗਮੋਹਨ ਸਿੰਘ
ਘਨੌਲੀ, 3 ਜੁਲਾਈ
ਅੰਬੂਜਾ ਸੀਮਿੰਟ ਕੰਪਨੀ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਮਜ਼ਦੂਰਾਂ ਦੇ ਕੀਤੇ ਜਾ ਰਹੇ ਆਰਥਿਕ ਸੋਸ਼ਣ ਵਿਰੁੱਧ ਪੂਰੇ ਭਾਰਤ ਭਰ ਦੇ ਅੰਬੂਜਾ ਮਜ਼ਦੂਰਾਂ ਨੇ ਅੱਜ ਕੰਪਨੀ ਵਿਰੁੱਧ ਦੋ ਘੰਟੇ ਦੀ ਹੜਤਾਲ ਕਰਕੇ ਕੰਪਨੀ ਪ੍ਰਬੰਧਕਾਂ ਵਿਰੁੱਧ ਡਟ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੇਨ ਗੇਟ ਅੱਗੇ ਰੋਸ ਰੈਲੀ ਵਿੱਚ ਅੰਬੂਜਾ ਸੀਮਿੰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬ੍ਰਿਜ ਮੋਹਨ ਸਿੰਘ, ਜਨਰਲ ਸਕੱਤਰ ਪਾਚੂ ਰਾਮ, ਡਿਪਟੀ ਜਨਰਲ ਸਕੱਤਰ ਦੁਰਗੇਸ਼ ਕੁਮਾਰ, ਅਮਨਦੀਪ ਸਿੰਘ ਲਾਲੀ, ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਥਰਮਲ ਯੁਨਿਟ ਰੂਪਨਗਰ ਦੇ ਸਕੱਤਰ ਧਰਿੰਦਰ ਪਾਂਡੇ, ਆਰਟੀਪੀ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਸਕੱਤਰ ਬੀਰਪਾਲ ਸਿੰਘ ਅਤੇ ਕਾਂਸ਼ੀ ਨਾਥ ਨੇ ਦੋਸ਼ ਲਗਾਇਆ ਕਿ ਕੋਵਿਡ-19 ਮਹਾਂਮਾਰੀ ਕਾਰਨ ਅੰਬੂਜਾ ਮਜ਼ਦੂਰ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ, ਪਰ ਅੰਬੂਜਾ ਕੰਪਨੀ ਨੇ ਵਰਕਰਾਂ ਦੀ ਮੱਦਦ ਕਰਨ ਦੀ ਬਜਾਇ ਉਨ੍ਹਾਂ ਦਾ ਸੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ।