ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਮਈ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਸਾਬਕਾ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਭਾਈਚਾਰੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੇ ਪ੍ਰੋ. ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਦੀ ਅਗਵਾਈ ਹੇਠ ਅਲੂਮਨੀ ਮੀਟ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸੰਗੀਤ ਵਿਭਾਗ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਡੀਨ ਅਲੂਮਨੀ ਡਾ. ਅਮਨਦੀਪ ਕੌਰ ਵਿਰਕ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਆਯੋਜਨ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਡਾ. ਅਜਾਇਬ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਸਮਾਗਮ ਪਾਸ ਆਊਟ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਨਾਉਣ ਲਈ ਕੀਤੇ ਜਾਂਦੇ ਹਨ ਜੋ ਹੁਣ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਸਹਾਇਕ ਅੰਗਰੇਜ਼ੀ ਪ੍ਰੋਫ਼ੈਸਰ ਜਸਪ੍ਰੀਤ ਕੌਰ ਅਤੇ ਸਹਾਇਕ ਗਣਿਤ ਪ੍ਰੋਫ਼ੈਸਰ ਡਾ. ਬ੍ਰਹਿਮੀਤ ਕੌਰ ਨੇ ਸਟੇਜ ਸਕੱਤਰ ਦੀ ਭੁੂਮਿਕਾ ਨਿਭਾਈ। ਸਾਬਕਾ ਵਿਦਿਆਰਥੀਆਂ ਦੇ ਪੈਨਲ ਨੇ ਯੂਨੀਵਰਸਿਟੀ ਕੈਂਪਸ ਵਿਚ ਬਿਤਾਏ ਦਿਨਾਂ ਦੇ ਆਪਣੇ ਅਨੁਭਵ ਸਾਂਝੇ ਕੀਤੇ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਜਿਵੇਂ ਭੰਗੜਾ, ਲੋਕ ਗੀਤ ਅਤੇ ਪੰਜਾਬੀ ਮੇਡਲੇ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ‘ਤੇ ਵਧਾਈ ਦਿੱਤੀ।