ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਮਈ
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਅੰਮ੍ਰਿਤਸਰ ਕੇਂਦਰੀ ਜੇਲ੍ਹ ਦਾ ਨਿਰੀਖਣ ਕਰਦਿਆਂ ਆਖਿਆ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਕੈਦੀਆਂ ਲਈ ਟੀਕਾਕਰਨ, ਮਾਸਕ ਅਤੇ ਸੈਨੇਟਾਈਜ਼ਰ ਦੀ ਸਹੂਲਤ ਮੁਹੱਈਆ ਕਰਾਈ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜੇਲ੍ਹਾਂ ਨੂੰ ਆਕਸੀ ਮੀਟਰ ਅਤੇ ਮਿਸ਼ਨ ਫਤਿਹ ਕਿੱਟਾਂ ਵੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਚਾਉਣ ਲਈ ਰਾਜ ਭਰ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਦੇ ਸਾਰੇ ਮੁਲਾਜ਼ਮਾਂ ਦਾ ਟੀਕਾਕਰਨ ਹੋ ਗਿਆ ਹੈ। ਇਸੇ ਤਰ੍ਹਾਂ 45 ਸਾਲ ਤੋਂ ਵੱਧ ਉਮਰ ਵਾਲੇ 462 ਕੈਦੀਆਂ ਨੂੰ ਵੀ ਕਰੋਨਾ ਰੋਕੂ ਟੀਕੇ ਲਾਏ ਗਏ ਹਨ। 30 ਫੀਸਦੀ ਤੋਂ ਵੱਧ ਕੈਦੀਆਂ ਨੇ ਟੀਕਾਕਰਨ ਦੀ ਦੂਜੀ ਡੋਜ਼ ਲੈ ਲਈ ਹੈ। ਉਨ੍ਹਾਂ ਅੰਮ੍ਰਿਤਸਰ ਜੇਲ੍ਹ ਨੂੰ 50 ਆਕਸੀਮੀਟਰ ਦੇ ਨਾਲ ਮਿਸ਼ਨ ਫਤਿਹ ਕਿੱਟਾਂ ਵੀ ਮੁਹੱਈਆ ਕਰਾਉਣ ਬਾਰੇ ਆਖਿਆ। ਉਨ੍ਹਾਂ ਕੈਦੀਆਂ ਲਈ ਦੇ ਖਾਣੇ ਦਾ ਨਿਰੀਖਣ ਕੀਤਾ ਅਤੇ ਤਸੱਲੀ ਪ੍ਰਗਟਾਈ। ਜੇਲ੍ਹ ਮੰਤਰੀ ਨੇ ਕਿਹਾ ਕਿ ਵੱਡੀਆਂ ਜੇਲ੍ਹਾਂ ਲਈ 50-50 ਅਤੇ ਛੋਟੀਆਂ ਜੇਲ੍ਹਾਂ ਲਈ 15-15 ਆਕਸੀ ਮੀਟਰਾਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ। ਜੇਲ੍ਹ ਵਿਭਾਗ ਵੱਲੋਂ ਕਰੋਨਾ ਦੇ ਵਧਦੇ ਪਸਾਰੇ ਨੂੰ ਦੇਖਦਿਆਂ ਚਾਰ ਜੇਲ੍ਹਾਂ ਨੂੰ ਕਰੋਨਾ ਪਾਜ਼ੇਟਿਵ ਕੈਦੀਆਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਲੁਧਿਆਣਾ, ਮੋਗਾ ਤੇ ਸਪੈਸ਼ਲ ਜੇਲ੍ਹ ਬਠਿੰਡਾ ਵਿਖੇ ਪੁਰਸ਼ ਅਤੇ ਮਾਲੇਰਕੋਟਲਾ ਜੇਲ੍ਹ ’ਚ ਮਹਿਲਾ ਕੈਦੀਆਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਨਾਲ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਹੋਰ ਅਧਿਕਾਰੀ ਹਾਜ਼ਰ ਸਨ।