ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਗਸਤ
ਸ਼੍ਰੋਮਣੀ ਅਕਾਲੀ ਦਲ ਨੇ ਸ਼ਰਾਬ ਦੀ ਤਸਕਰੀ ਦਾ ਹਿੱਸਾ ਗਾਂਧੀ ਪਰਿਵਾਰ ਤੱਕ ਜਾਣ ਦੇ ਦੋਸ਼ ਲਾਉਂਦਿਆਂ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੋਂ ਨਿਰਪੱਖ ਜਾਂਚ ਦੇ ਹੁਕਮਾਂ ਦੀ ਮੰਗ ਕੀਤੀ ਹੈ। ਅਕਾਲੀਆਂ ਵੱਲੋਂ ਸ਼ਰਾਬ ਤਰਾਸਦੀ ਦੇ ਮੁੱਦੇ ’ਤੇ ਅੱਜ ਦੂਜੇ ਦਿਨ ਵੀ ਰਾਜ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਪੁਲੀਸ ਨੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀਆਂ ਦੇ ਵੱਡੇ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ। ਅਕਾਲੀ ਦਲ ਦੇ ਆਗੂਆਂ ਤੇ ਵਰਵਰਾਂ ਨੂੰ ਬੱਸਾਂ ’ਚ ਲੱਦ ਕੇ ਥਾਣੇ ਲਿਜਾਇਆ ਗਿਆ ਤੇ ਕੁਝ ਘੰਟਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਅਤੇ ਆਨੰਦਪੁਰ ਸਾਹਿਬ ਹਲਕਿਆਂ ਤੋਂ ਪਾਰਟੀ ਵਰਕਰਾਂ ਤੇ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨੇ ਵਿਸ਼ਾਲ ਰੋਸ ਮਾਰਚ ਕੱਢਿਆ ਜਿਸ ਨੂੰ ਰਾਜ ਭਵਨ ਤੋਂ 200 ਮੀਟਰ ਦੂਰ ਰੋਕ ਲਿਆ ਗਿਆ। ਇਸ ਮਗਰੋਂ ਵਿਖਾਵਾਕਾਰੀਆਂ ਨੇ ਧਰਨਾ ਦੇ ਦਿੱਤਾ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸ਼ਰਾਬ ਮਾਫੀਆ ਨੇ 2000 ਕਰੋੜ ਰੁਪਏ ਕਥਿਤ ਤੌਰ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਇਲਾਵਾ ਕਾਂਗਰਸ ਹਾਈ ਕਮਾਂਡ ਨੂੰ ਭੇਜੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਗਿਆ ਤਾਂ ਕਿ ਪੰਜਾਬ ’ਚ ਕਾਂਗਰਸ ਸਰਕਾਰ ਰਾਜਪੁਰਾ ਦੀ ਨਾਜਾਇਜ਼ ਸ਼ਰਾਬ ਡਿਸਟਿਲਰੀ ਤੇ ਬੋਟਲਿੰਗ ਪਲਾਂਟਾਂ ਦੀ ਫਾਈਲ ਐਨਫੋਰਸਮੈਂਟ ਡਾਇਰੈਕਟੋਰੈਟ ਨੂੰ ਦੇਣ ਤੋਂ ਇਨਕਾਰ ਕਰ ਦੇਵੇ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਜਾਣਦਾ ਹੈ ਕਿ ਜੇਕਰ ਫਾਈਲ ਈਡੀ ਨੂੰ ਦੇ ਦਿੱਤੀ ਗਈ ਤਾਂ ਇਹ ਪੈਸਾ ਕਿੱਥੇ ਕਿੱਥੇ ਗਿਆ, ਦੀ ਪੈੜ ਨੱਪ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਲਈ ਪੈਸਾ ਕਾਂਗਰਸ ਹਾਈ ਕਮਾਂਡ ਨੂੰ ਭੇਜਿਆ ਗਿਆ ਤਾਂ ਜੋ ਕਾਂਗਰਸ ਸਰਕਾਰ ’ਤੇ ਦਬਾਅ ਨਾ ਪਾਇਆ ਜਾ ਸਕੇ ਕਿ ਕੇਸ ਦੀਆਂ ਫਾਈਲਾਂ ਈਡੀ ਨੂੰ ਸੌਂਪੀਆਂ ਜਾਣ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਨਵੇਂ ਖੁਲ੍ਹਾਸੇ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਪੰਜਾਬ ’ਚ ਸ਼ਰਾਬ ਮਾਫੀਆ ਨਾਲ ਰਲੀ ਹੋਈ ਹੈ ਤੇ ਇਹ ਮੌਜੂਦਾ ਰਾਜਪਾਲ ਵੀਪੀ ਸਿੰਘ ਬਦਨੌਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣ ਤੇ ਤੁਰੰਤ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਬਰਖ਼ਾਸਤ ਕੀਤੇ ਜਾਣ ਦੀ ਸਿਫਾਰਸ਼ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੀ ਸ਼ੱਕ ਦੇ ਘੇਰੇ ਵਿਚ ਹਨ ਕਿਉਂਕਿ ਉਨ੍ਹਾਂ ਅਧੀਨ ਆਬਕਾਰੀ ਵਿਭਾਗ ਦਾ 5600 ਕਰੋੜ ਰੁਪਏ ਨੁਕਸਾਨ ਹੋਇਆ ਹੈ ਤੇ ਉਹ ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਰੋਕਣ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਤੋਂ ਨਾਂਹ ਕਰ ਦਿੱਤੀ ਹੈ ਜਿਨ੍ਹਾਂ ਪੀੜਤ ਪਰਿਵਾਰਾਂ ਨੇ ਜ਼ਹਿਰੀਲੀ ਸ਼ਰਾਬ ਵੰਡਣ ਦਾ ਮੁਜਰਮ ਕਰਾਰ ਦਿੱਤਾ ਹੈ।
ਗ੍ਰਿਫ਼ਤਾਰੀਆਂ ਦੇਣ ਵਾਲਿਆਂ ਵਿਚ ਚਰਨਜੀਤ ਬਰਾੜ, ਹਰਿੰਦਰਪਾਲ ਚੰਦੂਮਾਜਰਾ, ਸੁਰਜੀਤ ਗੜ੍ਹੀ, ਚਰਨਜੀਤ ਕਾਲਾਵਲ, ਹਰਪਾਲ ਜੁਨੇਜਾ, ਮਨਜੀਤ ਮੂਧੋਂ, ਪਰਮਜੀਤ ਕਾਹਲੋਂ, ਗੁਰਮੁਖ ਸੋਹਲ, ਅਵਤਾਰ ਮੌਲੀ, ਨਰਦੇਵ ਸਿੰਘ ਆਕੜੀ, ਅੰਮ੍ਰਿਤਪਾਲ ਖੱਟੜਾ, ਰਾਜਵਿੰਦਰ ਲੱਕੀ, ਸੁਖਬੀਰ ਅਬਲੋਵਾਲ ਅਤੇ ਬ੍ਰਿਗ ਰਾਜ ਕੁਮਾਰ ਸ਼ਾਮਲ ਸਨ।