ਦਵਿੰਦਰ ਪਾਲ
ਚੰਡੀਗੜ੍ਹ, 7 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੱਜ ਪਾਰਟੀ ਆਗੂਆਂ ਤੇ ਪੀੜਤ ਪਰਿਵਾਰਾਂ ਨੇ ਰਾਜ ਭਵਨ ਵੱਲ ਰੋਸ ਮਾਰਚ ਕਰਦਿਆਂ ਕੈਪਟਨ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਦੁਹਰਾਈ। ਕਰੀਬ ਇਕ ਘੰਟੇ ਤੱਕ ਰੋਸ ਮਾਰਚ ਕਰ ਰਹੇ ਅਕਾਲੀਆਂ ਨੇ ਸਰਕਾਰ ਵਿਰੋਧੀ ਤਖ਼ਤੀਆਂ ਹੱਥਾਂ ’ਚ ਫੜੀਆਂ ਹੋਈਆਂ ਸਨ ਅਤੇ ਨਾਅਰੇਬਾਜ਼ੀ ਵੀ ਕੀਤੀ। ਚੰਡੀਗੜ੍ਹ ਪੁਲੀਸ ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ ਤਿੰਨ ਦੇ ਥਾਣੇ ’ਚ ਲੈ ਗਈ ਜਿਥੋਂ ਦੋ ਘੰਟਿਆਂ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਤਰਨ ਤਾਰਨ ਦੌਰੇ ਨੂੰ ਸਿਰਫ਼ ਤਸਵੀਰਾਂ ਖਿਚਵਾਉਣ ਅਤੇ ਝੂਟੇ ਲੈਣ ਵਾਲਾ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਹਿਰੀਲੀ ਸ਼ਰਾਬ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਵਿਚ ਅਸਫ਼ਲ ਰਹੇ ਅਤੇ ਅਜਿਹੇ ਕਾਂਗਰਸੀ ਵਿਧਾਇਕਾਂ ਨਾਲ ਸਟੇਜ ਸਾਂਝੀ ਕੀਤੀ ਜਿਨ੍ਹਾਂ ਨੂੰ ਪੀੜਤਾਂ ਨੇ ਮੁਜਰਮ ਕਰਾਰ ਦਿੱਤਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ 25 ਮਿੰਟ ਤੱਕ ਤਰਨ ਤਾਰਨ ਪੁਲੀਸ ਲਾਈਨ ਵਿਚ ਰਹੇ ਜੋ ਫ਼ੌਜੀ ਛਾਉਣੀ ਵਿਚ ਬਦਲ ਗਈ ਸੀ ਕਿਉਂਕਿ ਕਾਂਗਰਸ ਸਰਕਾਰ ਨੂੰ ਲੋਕਾਂ ਦੇ ਰੋਹ ਦਾ ਡਰ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੱਦਣ ਲਈ ਐੱਸਪੀ ਅਤੇ ਡੀਐੱਸਪੀ ਦੀ ਉਚੇਚੇ ਤੌਰ ’ਤੇ ਡਿਊਟੀ ਲਗਾਈ ਗਈ ਸੀ ਪਰ ਬਹੁਤੇ ਲੋਕਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਬਟਾਲਾ ਜਾਣ ਤੋਂ ਵੀ ਨਾਂਹ ਕਰ ਦਿੱਤੀ ਜਦਕਿ ਜ਼ਹਿਰੀਲੀ ਸ਼ਰਾਬ ਕਾਰਨ ਉਥੇ ਵੀ ਲੋਕ ਮਾਰੇ ਗਏ ਹਨ।
ਅਕਾਲੀਆਂ ਨੇ ਦੋਸ਼ ਲਾਇਆ ਕਿ ਜੇ ਮੁੱਖ ਮੰਤਰੀ ਖੁਦ ਮੁਜਰਮਾਂ ਦਾ ਬਚਾਅ ਕਰ ਰਹੇ ਹਨ ਤਾਂ ਫਿਰ ਇਸ ਭਿਆਨਕ ਤ੍ਰਾਸਦੀ ਦੀ ਨਿਰਪੱਖ ਜਾਂਚ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਜ਼ਲੀਲ ਕਰਨ ਦੀ ਬਜਾਏ ਮੁੱਖ ਮੰਤਰੀ ਹਰ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।
ਸ੍ਰੀ ਭੂੰਦੜ ਨੇ ਕਿਹਾ ਕਿ ਪੰਜਾਬੀਆਂ ਨੂੰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਹੀ ਜ਼ਹਿਰੀਲੀ ਸ਼ਰਾਬ ਕਾਂਡ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਇਸ ਦੇ ਵਪਾਰ ਵਿਚ ਲੱਗੇ ਕਾਂਗਰਸੀਆਂ ਅਤੇ ਡਿਸਟਿਲਰੀ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੋਂ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਹੈ ਅਤੇ ਰਾਜਪਾਲ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੁਰੰਤ ਬਰਖ਼ਾਸਤ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਜਾਂ ਫਿਰ ਸੀਬੀਆਈ ਤੋਂ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ, ਪੀੜਤ ਪਰਿਵਾਰਾਂ ਨੇ ਜਿਹੜੇ ਕਾਂਗਰਸੀ ਵਿਧਾਇਕਾਂ ਦੇ ਨਾਂ ਲਏ ਹਨ, ਉਨ੍ਹਾਂ ਖਿਲਾਫ਼ ਤੁਰੰਤ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ ਹਨ, ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮਲਕੀਅਤ ਵਾਲੀਆਂ ਡਿਸਟਿਲਰੀਆਂ ਸੀਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੀ ਸਾਰੀ ਜਾਇਦਾਦ ਕੁਰਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਰਾਜਪੁਰਾ ਦੀ ਨਾਜਾਇਜ਼ ਸ਼ਰਾਬ ਫੈਕਟਰੀ ਤੇ ਹੋਰ ਮਾਮਲਿਆਂ ਦੀਆਂ ਫਾਈਲਾਂ ਮੰਗਵਾ ਕੇ ਖੁਦ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਾਂਚ ਸੌਂਪਣੀ ਚਾਹੀਦੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਸੂਬੇ ਨੇ ਪਹਿਲਾਂ 5600 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਗੁਆ ਲਿਆ ਅਤੇ ਹੁਣ ਤਕਰੀਬਨ 150 ਜਾਨਾਂ ਚਲੀਆਂ ਗਈਆਂ ਹਨ ਤੇ ਕਈ ਲੋਕ ਨੇ ਅੱਖਾਂ ਦੀ ਰੋਸ਼ਨੀ ਗੁਆ ਲਈ ਹੈ।