ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਯੂ-ਟਰਨ ’ਤੇ ਕਿਹਾ ਕਿ ਸੁਖਬੀਰ ਬਾਦਲ ਅਜਿਹੇ ਪੈਂਤੜੇ ਲੈ ਕੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਸੋਧ ਬਿੱਲਾਂ ਦਾ ਵਿਧਾਨ ਸਭਾ ਵਿਚ ਅਕਾਲੀ ਦਲ ਨੇ ਸਮਰਥਨ ਕੀਤਾ ਸੀ ਅਤੇ ਹੁਣ ਬਿੱਲ ਰੱਦ ਕਰਕੇ ਭਾਜਪਾ ਆਗੂਆਂ ਦੇ ਹਾਲੀਆ ਬਿਆਨਾਂ ਦੀ ਉਹ ਪ੍ਰੋੜਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੰਢਤੁੱਪ ਹੈ। ਉਨ੍ਹਾਂ ਹਰਸਿਮਰਤ ਬਾਦਲ ਵੱਲੋਂ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇਣ ਅਤੇ ਅਕਾਲੀਆਂ ਦਾ ਐੱਨਡੀਏ ਨਾਲੋਂ ਤੋੜ ਵਿਛੋੜਾ ਕਰਨਾ ਹੋਰ ਕੁਝ ਨਹੀਂ ਸਿਰਫ ਇਕ ਫਰੇਬ ਸੀ ਜਿਸ ਦਾ ਮਕਸਦ ਕਿਸਾਨਾਂ ਨੂੰ ਧੋਖਾ ਦੇਣਾ ਸੀ। ਉਨ੍ਹਾਂ ਸੁਖਬੀਰ ਨੂੰ ਵੰਗਾਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਇਕ ਵਜ੍ਹਾ ਦੱਸੇ ਕਿ ਕਿਉਂ ਪੰਜਾਬ ਦੇ ਲੋਕ ਖਾਸ ਕਰਕੇ ਕਿਸਾਨ ਉਸ ਦੀ ਪਾਰਟੀ ’ਤੇ ਭਰੋਸਾ ਕਰਨ।