ਅਕਾਲੀ ਦਲ ਨੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ
ਪਾਰਟੀ ਵਿਰੁੱਧ ਗਲਤ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਕਲੇਰ
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੁੱਧ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਰਟੀ ਵਿਰੁੱਧ ਝੂਠ ਤੇ ਕੂੜ ਪ੍ਰਚਾਰ ਕਰਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਅਮਰਦੀਪ ਸਿੰਘ ਧਾਰਨੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਾਲ 2027 ਦੀਆਂ ਚੋਣਾਂ ਪੰਜਾਬ ਨੂੰ ਦਰਪੇਸ਼ ਅਸਲ ਮੁੱਦਿਆਂ ਲਈ ਲੜਨ ਅਤੇ ਝੂਠੀ ਤੇ ਆਧਾਰਹੀਣ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ ’ਤੇ ਝੂਠੇ ਤੇ ਕੂੜ ਪ੍ਰਚਾਰ ਦੇ ਮਾਮਲਿਆਂ ਲਈ 12 ਮੈਂਬਰੀ ਸਬ-ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵੱਲੋਂ ਝੂਠਾ ਤੇ ਕੂੜ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਮਾਣਹਾਨੀ ਕੇਸ ਕੀਤੇ ਜਾਣਗੇ। ਦਿੱਲੀ ਆਧਾਰਿਤ ਪਾਰਟੀਆਂ ਝੂਠੇ ਬਿਰਤਾਂਤ ਸਿਰਜਣ ਦੀਆਂ ਆਦੀ ਹਨ। ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ’ਤੇ ਅਸੀਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਜੋ ਮਰਜ਼ੀ ਨਹੀਂ ਬੋਲ ਸਕਦੇ। ਅਜਿਹੇ ਲੋਕਾਂ ਨੂੰ ਨੋਟਿਸਾਂ ਦਾ ਸਾਹਮਣਾ ਕਰਨ ਅਤੇ ਫੌਜਦਾਰੀ ਮਾਣਹਾਨੀ ਦੇ ਕੇਸਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਬਰਾੜ, ਰਵੀ ਰਾਣਾ, ਕੇ ਐੱਸ ਮਠਾੜੂ, ਰਵਿੰਦਰ ਸਿੰਘ ਸਾਂਪਲਾ, ਪੁਨੀਤਇੰਦਰ ਸਿੰਘ ਕੰਗ, ਰਮਨਦੀਪ ਕੌਰ ਭੱਠਲ, ਮਨਪ੍ਰੀਤ ਸਿੰਘ ਧਾਲੀਵਾਲ ਅਤੇ ਅਰਸ਼ਦੀਪ ਸਿੰਘ ਸਰਾਂ ਵੀ ਹਾਜ਼ਰ ਸਨ।

