ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਆਗੂ ਆਤਿਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਮਿਨੀ ਸਕੱਤਰੇਤ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਆਗੂਆਂ ਨੇ ਡੀ ਸੀ ਰਾਹੀਂ ਸੂਬੇ ਦੇ ਰਾਜਪਾਲ ਨੂੰ ਆਤਿਸ਼ੀ ਖ਼ਿਲਾਫ਼ ਕਾਰਵਾਈ ਲਈ ਮੰਗ ਪੱਤਰ ਭੇਜਿਆ। ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸੀਨੀਅਰ ਉਪ ਪ੍ਰਧਾਨ ਪੰਜਾਬ ਸੰਜੀਵ ਤਲਵਾੜ ਤੇ ਦਿਹਾਤੀ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕੀਤੀ।
ਇਸ ਦੌਰਾਨ ਸ੍ਰੀ ਬਾਜਵਾ, ਸ੍ਰੀ ਤਲਵਾੜ ਤੇ ਸ੍ਰੀ ਲੱਖੀ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਅੰਦਰ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀਆਂ ਗ਼ਲਤ ਟਿੱਪਣੀਆਂ ਕਾਰਨ ਸਿੱਖ ਪੰਥ ਵਿੱਚ ਰੋਸ ਪਾਇਆ ਜਾ ਰਿਹਾ ਹੈ। ‘ਆਪ’ ਆਗੂਆਂ ਵੱਲੋਂ ਪਿਛਲੇ ਸਮੇਂ ਦੌਰਾਨ ਵੀ ਵਾਰ-ਵਾਰ ਅਜਿਹੀ ਹੀ ਬਿਆਨਬਾਜ਼ੀ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ‘ਆਪ’ ਦੇ ਵਿਧਾਇਕਾਂ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਸਰਕਾਰ ਸਿੱਖ ਭਾਵਨਾਵਾਂ ਦੀ ਕਦਰ ਕਰਦੀ ਹੈ ਤਾਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਪੰਜਾਬ ਵਿੱਚ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਆਤਿਸ਼ੀ ਖ਼ਿਲਾਫ਼ ਤੁਰੰਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਸਾਬਕਾ ਸੰਸਦ ਮੈਂਬਰ ਵਰਿੰਦਰ ਬਾਜਵਾ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਅਰਵਿੰਦਰ ਸਿੰਘ ਰਸੂਲਪੁਰ, ਇਕਬਾਲ ਸਿੰਘ ਜੌਹਲ, ਹਰਜਾਪ ਸਿੰਘ ਮੱਖਣ, ਇਕਬਾਲ ਸਿੰਘ ਗੋਪੀ, ਕੁਲਦੀਪ ਸਿੰਘ ਬੱਬੂ, ਐਡਵੋਕੇਟ ਸਮਸ਼ੇਰ ਸਿੰਘ ਭਾਰਦਵਾਜ, ਅਰਮਿੰਦਰ ਸਿੰਘ ਹੁਸੈਨਪੁਰ, ਕਰਨ ਧੁੱਗਾ, ਲੱਕੀ ਠੱਕਰ, ਸੰਤ ਸਿੰਘ ਜੰਡੌਰ, ਜਪਿੰਦਰ ਅਟਵਾਲ, ਅਜਮੇਰ ਸਿੰਘ, ਅਭੀਰਾਜ ਸਿੰਘ, ਭੁਪਿੰਦਰ ਸਿੰਘ ਮਹਿੰਦੀਪੁਰ, ਰਵਿੰਦਰਪਾਲ ਮਿੰਟੂ, ਭੁਪਿੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਆਗੂ ਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਖ਼ਿਲਾਫ਼ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ| ਧਰਨਾਕਾਰੀਆਂ ਨੇ ਆਤਿਸ਼ੀ ਦਾ ਪੁਤਲਾ ਸਾੜਿਆ| ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ|
ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ‘ਆਪ’ ਆਗੂ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ, ਉਸ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਦੀ ਮੰਗ ਕੀਤੀ| ਉਨ੍ਹਾਂ ਸੋਸ਼ਲ ਮੀਡੀਆ ’ਤੇ ਸਿੱਖ ਗੁਰੂਆਂ ਖ਼ਿਲਾਫ਼ ਪਾਈਆਂ ਜਾ ਰਹੀਆਂ ਵੀਡੀਓਜ਼ ਹਟਾਉਣ ਦੀ ਵੀ ਮੰਗ ਕੀਤੀ|
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਇਕਬਾਲ ਸਿੰਘ ਸੰਧੂ, ਦਲਬੀਰ ਸਿੰਘ ਜਹਾਂਗੀਰ, ਕੁਲਦੀਪ ਸਿੰਘ ਔਲਖ, ਪਾਰਟੀ ਦੇ ਆਈ ਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ, ਗੁਰਸੇਵਕ ਸਿੰਘ ਸ਼ੇਖ ਨੇ ਵੀ ਸੰਬੋਧਨ ਕੀਤਾ|
ਭਾਜਪਾ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਪੁਤਲੇ ਫੂਕੇ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬ ਖ਼ਿਲਾਫ਼ ਕਥਿਤ ਇਤਰਾਜ਼ਯੋਗ ਸ਼ਬਤ ਬੋਲਣ ਦੇ ਰੋਸ ਵਜੋਂ ਭਾਜਪਾ ਵਰਕਰਾਂ ਨੇ ਇੱਥੇ ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਆਤਿਸ਼ੀ ਤੇ ‘ਆਪ’ ਨੇਤਾਵਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪੁਤਲੇ ਫੂਕ ਕੇ ਰੋਸ ਪ੍ਰਗਟਾਇਆ। ਸ੍ਰੀ ਸ਼ਰਮਾ ਨੇ ਕਿਹਾ ਕਿ ‘ਆਪ’ ਦੇ ਨੇਤਾ ਲਗਾਤਾਰ ਸਿੱਖ ਧਰਮ ਤੇ ਸਿੱਖ ਗੁਰੂਆਂ ਦੇ ਸਨਮਾਨ ਨੂੰ ਠੇਸ ਪਹੁੰਚਾ ਰਹੇ ਹਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸਿੱਖ ਗੁਰੂ ਕੇਵਲ ਸਿੱਖ ਸਮਾਜ ਦੇ ਹੀ ਨਹੀਂ ਬਲਕਿ ਸਭ ਲਈ ਤਿਆਗ, ਬਲਿਦਾਨ ਤੇ ਮਾਨਵਾ ਦੀ ਮਿਸਾਲ ਹਨ। ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕਰਨਾ ਕੇਵਲ ਸਿੱਖ ਸਮਾਜ ਦਾ ਅਪਮਾਨ ਨਹੀਂ, ਬਲਕਿ ਭਾਰਤ ਦੀ ਸਾਂਝੀ ਸੰਸਕ੍ਰਿਤੀ ਤੇ ਭਾਈਚਾਰੇ ’ਤੇ ਸਿੱਧਾ ਹਮਲਾ ਹੈ। ਸੂਬਾ ਸਕੱਤਰ ਮੀਨੂ ਸੇਠੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਫੁੱਟ ਪਾਓ ਦੀ ਰਾਜਨੀਤੀ ਕਰਦੀ ਆਈ ਹੈ ਅਤੇ ਹੁਣ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਸਮਾਜ ਵਿੱਚ ਮਤਭੇਦ ਫੈਲਾਉਣ ਦਾ ਯਤਨ ਕਰ ਰਹੀ ਹੈ। ਭਾਜਪਾ ਵਰਕਰਾਂ ਨੇ ਮੰਗ ਕੀਤੀ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਇਸ ਮੌਕੇ ਭਾਜਪਾ ਆਗੂ ਸੁਰੇਸ਼ ਭਾਟੀਆ, ਜਿੰਦੂ ਸੈਣੀ, ਅਸ਼ਵਨੀ ਗੈਂਦ, ਅਮਰਜੀਤ ਸਿੰਘ ਲਾਡੀ, ਕੁਲਵੰਤ ਕੌਰ, ਕ੍ਰਿਸ਼ਲਾ ਸ਼ਰਮਾ, ਬਿੰਦੂ ਸੂਦ, ਗੁਰਮਿੰਦਰ ਕੌਰ, ਚਿੰਟੂ ਹੰਸ, ਰਾਜਾ ਸੈਣੀ, ਕਮਲ ਵਰਮਾ, ਪ੍ਰੇਮ ਬਜਾਜ ਆਦਿ ਮੌਜੂਦ ਸਨ।
ਜਲੰਧਰ (ਗੁਰਨੇਕ ਸਿੰਘ ਵਿਰਦੀ): ਇੱਥੋਂ ਦੇ ਸ੍ਰੀ ਰਾਮ ਚੌਕ ਵਿੱਚ ਭਾਜਪਾ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਖ਼ਿਲਾਫ਼ ਕਥਿਤ ਗ਼ਲਤ ਸ਼ਬਦਾਵਲੀ ਵਰਤਣ ਦੇ ਮਾਮਲੇ ਦੇ ਵਿਰੋਧ ਵਿੱਚ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਤੇ ਵਿਧਾਇਕਾ ਆਤਿਸ਼ੀ ਨੇ ਸਿੱਖ ਗੁਰੂ ਸਾਹਿਬਾਨ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤ ਕੇ ਸਿੱਖ ਸਮਾਜ ਨਾਲ ਖਿਲਵਾੜ ਕਰਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨੇਤਾ ਨੂੰ ਗੁਰੂਆਂ ਖ਼ਿਲਾਫ਼ ਗ਼ਲਤ ਸ਼ਬਦ ਵਰਤਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਧਰਮਾਂ ਦੇ ਲੋਕਾਂ ਵੱਲੋਂ ਮਿਲ ਕੇ ਦਿੱਤਾ ਜਾਵੇਗਾ।

