AAP ਦੀ ਰੈਲੀ ਕਾਰਨ Akali Dal ਨੂੰ ਬਦਲਣੀ ਪਈ ਰੈਲੀ ਵਾਲ਼ੀ ਥਾਂ
ਅਕਾਲੀ ਦਲ ਦੀ ਰੈਲੀ ਤੋਂ ਬੁਖਲਾਈ ਸਰਕਾਰ: Jaspal Singh Bittu Chatta
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜ ਅਪਰੈਲ ਨੂੰ ਇਥੇ ਨਵੀਂ ਅਨਾਜ ਮੰਡੀ ਵਿਖੇ ਕਰਵਾਈ ਜਾਣ ਵਾਲ਼ੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਸ਼ਮੂਲੀਅਤ ਵਾਲ਼ੀ ਪਟਿਆਲਾ ਦਿਹਾਤੀ ਹਲਕੇ ਦੀ ਰੈਲੀ ਲਈ ਚੰਦ ਦਿਨ ਪਹਿਲਾਂ ਥਾਂ ਬਦਲਣੀ ਪਈ ਹੈ। ਇਸ ਰੈਲੀ ਦੀ ਅਗਵਾਈ ਕਰ ਰਹੇ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦਾ ਕਹਿਣਾ ਹੈ ਕਿ ਅਜਿਹਾ ਆਮ ਆਦਮੀ ਪਾਰਟੀ ਦੀ ਰੈਲੀ ਕਰਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਣਦੇ ਨਿਯਮਾਂ ਤਹਿਤ ਸਾਰੇ ਸੱਤ ਵਿਭਾਗਾਂ ਦੇ ਐਨਓਸੀ ਲੈ ਕੇ ਆਪਣੀ ਅਰਜ਼ੀ ਡੀ.ਸੀ ਦਫਤਰ ਵਿਖੇ ਜਮ੍ਹਾ ਕਰਵਾ ਦਿੱਤੀ ਸੀ। ਜਿਥੋਂ ਉਨ੍ਹਾਂ ਨੂੰ ਮੁਢਲੇ ਰੂਪ ’ਚ ਹਾਂ ਵੀ ਹੋ ਗਈ ਸੀ ਪਰ ਫੋਨ ਰਾਹੀਂ ਅਜਿਹਾ ਮੈਸੇਜ ਆਉਣ ਤੋਂ ਕੁਝ ਦੇਰ ਬਾਅਦ ਹੀ ਇੱਕ ਅਧਿਕਾਰੀ ਨੇ ਉਸ ਨੂੰ ਫੋਨ ਰਾਹੀਂ ਆਪਣੇ ਦਫਤਰ ਬੁਲਾ ਕੇ ਰੈਲੀ ਲਈ ਅਨਾਜ ਮੰਡੀ ’ਚ ਥਾਂ ਦੇਣ ਤੋਂ ਅਸਮਰੱਥਾ ਪ੍ਰਗਟਾਈ ਜਿਸ ਦਾ ਤਰਕ ਸੀ ਕਿ ਕਿਉੁਂਕਿ ਇਸੇ ਹੀ ਜਗ੍ਹਾ ’ਤੇ ਹੁਣ 6 ਅਪਰੈਲ ਨੂੰ ਆਪ ਨੇ ਰੈਲੀ ਕਰਨੀ ਹੈ ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕਰਨੀ ਹੈ।
ਬਿੱਟੂ ਚੱਠਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਨੂੰ ਮਜਬੂਰਨ ਇਸ ਥਾਂ ਤੋਂ ਕੁਝ ਕਿਲੋਮੀਟਰ ’ਤੇ ਸਥਿਤ ਬਾਰਨ ਪਿੰਡ ਦੇ ਇਲਾਕੇ ’ਚ ਇਹ ਰੈਲੀ ਤਬਦੀਲ ਕਰਨੀ ਪੈ ਰਹੀ ਹੈ। ਹਲਕਾ ਇੰਚਾਰਜ ਬਿੱਟੂ ਚੱਠਾ ਦਾ ਕਹਿਣਾ ਹੈ ਕਿ ਇਸ ਰੈਲੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਮੇਤ ਹੋਰ ਸੀਨੀਅਰ ਆਗੂ ਵੀ ਸੰਬੋਧਨ ਕਰਨਗੇ ਤੇ ਇਸ ਦੌਰਾਨ ਇਕੱਠ ਵੀ ਭਾਰੀ ਹੋਣਾ ਹੈ ਜਿਸ ਸਬੰਧੀ ਇੰਟੈਲੀਜੈਂਸੀ ਤੋਂ ਮਿਲੀਆਂ ਰਿਪੋਰਟਾਂ ਤੋਂ ਬਾਅਦ ਬੁਖਲਾਹਟ ’ਚ ਆਈ ਸਰਕਾਰ ਨੇ ਜਾਣਬੁੱਝ ਕੇ ਉਨ੍ਹਾਂ ਤੋਂ ਇੱਕ ਦਿਨ ਬਾਅਦ ਦੀ ਰੈਲੀ ਰੱਖ ਕੇ ਉਨ੍ਹਾਂ ਦੀ ਰੈਲੀ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਬਾਵਜੂਦ ਲੋਕ ਇਸ ਰੈਲੀ ’ਚ ਹੋਰ ਵੀ ਵਧ ਚੜ੍ਹ ਕੇ ਆਉਣਗੇ। ਜਿਕਰਯੋਗ ਹੈ ਕਿ ਇਹ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਹਲਕਾ ਹੈ ਤੇ 6 ਨੂੰ ਆਪ ਵੱਲੋਂ ਵੀ ਹਲਕਾ ਪੱਧਰੀ ਰੈਲੀ ਕਰਵਾਈ ਜਾ ਰਹੀ ਹੈ। ਉਧਰ ਜਦੋਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬਿੱਟੂ ਚੱਠਾ ਨੂੰ ਸਮਾਂ ਰਹਿੰਦਿਆਂ ਹੀ ਸੁਨੇਹਾ ਭੇਜ ਦਿੱਤਾ ਸੀ।

