ਬੇਅਦਬੀਆਂ ਦੇ ਝੂਠੇ ਦੋਸ਼ ਲਾ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ: ਸੁਖਬੀਰ ਬਾਦਲ
ਸੁਖਬੀਰ ਬਾਦਲ ਦੇ 'ਆਪ' ਅਤੇ 'ਵਾਰਿਸ ਪੰਜਾਬ' ਪਾਰਟੀ ਉੱਤੇ ਤਿੱਖੇ ਸ਼ਬਦੀ ਹਮਲੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬੇਅਦਬੀਆਂ ਦੇ ਝੂਠੇ ਦੋਸ਼ ਲਾ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀ, ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਵਿਰੋਧੀਆਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ।
ਅੱਜ ਇੱਥੇ ਅਨਾਜ ਮੰਡੀ ਵਿਖੇ ਅਕਾਲੀ ਆਗੂ ਮੱਖਣ ਬਰਾੜ ਦੀ ਅਗਵਾਈ ਹੇਠ ਹੋਈ ਭਰਵੀਂ 'ਪੰਜਾਬ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੰਘੇ ਦਸ ਸਾਲਾਂ ਵਿੱਚ 650 ਧਾਰਮਿਕ ਬੇਅਦਬੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਮਲੇਰਕੋਟਲਾ ਬੇਅਦਬੀ ਕੇਸ ਵਿੱਚ ਆਮ ਆਦਮੀ ਪਾਰਟੀ ਦਾ ਵਿਧਾਇਕ ਕਸੂਰਵਾਰ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਪਾਰਟੀਆਂ ਦੀ ਸਾਰੀ ਤਾਕਤ ਲੱਗੀ ਹੋਈ ਹੈ, ਪਰ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਨਾਲ 105 ਸਾਲ ਪਹਿਲਾਂ ਖੜ੍ਹੀ ਹੋਈ ਪਾਰਟੀ ਕਦੇ ਖ਼ਤਮ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਸਰਕਾਰ ਵੇਲੇ ਹੋਈ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨਾ ਕਦੇ ਡਰਿਆ ਹੈ ਅਤੇ ਨਾ ਹੀ ਕਦੇ ਝੁਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰੋਂ ਕਾਨੂੰਨ ਦਾ ਰਾਜ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਦੇ ਲੋਕ ਡਰੇ ਤੇ ਘਬਰਾਏ ਹੋਏ ਹਨ, ਇਸ ਲਈ ਅੱਜ ਪੰਜਾਬ ਨੂੰ ਬਚਾਉਣ ਦਾ ਵੇਲਾ ਆ ਗਿਆ ਹੈ।
ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੂਬੇ ਦੇ ਪਾਣੀਆਂ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਚੱਲਦੀਆਂ ਭਲਾਈ ਸਕੀਮਾਂ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸੇਵਾ ਕੇਂਦਰ ਸ਼ਾਮਲ ਹਨ, ਨੂੰ ਫਿਰ ਤੋਂ ਚਾਲੂ ਕੀਤਾ ਜਾਵੇਗਾ ਅਤੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਉੱਤੇ ਇੱਥੋਂ ਦੇ ਨੌਜਵਾਨਾਂ ਦਾ ਪੂਰਾ ਹੱਕ ਹੋਵੇਗਾ।
'ਆਪ' ਅਤੇ 'ਵਾਰਿਸ ਪੰਜਾਬ' ਉੱਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ 'ਵਾਰਿਸ ਪੰਜਾਬ' ਨੂੰ ਅਸਲ ਵਿੱਚ 'ਆਪ' ਨੇ ਹੀ ਖੜ੍ਹਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਪਰਿਵਾਰ ਨੇ ਗੁਰੀ ਚਹਿਲ ਮਾਮਲੇ ਵਿੱਚ ਪੰਜ ਕਰੋੜ ਰੁਪਏ ਦਾ ਨਜ਼ਰਾਨਾ ਹਾਸਲ ਕੀਤਾ ਹੈ, ਜਿਸ ਦੇ ਸਬੂਤ ਵੀ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਕਲਾਕਾਰ ਹੁੰਦਿਆਂ ਲੋਕਾਂ ਨੂੰ ਹਸਾਇਆ ਸੀ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਰੋਣ ਲਾ ਦਿੱਤਾ ਹੈ। ਮੁੱਖ ਮੰਤਰੀ ਨੇ ਪੰਜ ਸਾਲ ਲੋਕਾਂ ਨੂੰ ਝੂਠ ਅਤੇ ਚੁਟਕਲਿਆਂ ਵਿੱਚ ਹੀ ਲੰਘਾ ਦਿੱਤੇ ਹਨ।
ਇਸ ਮੌਕੇ ਅਕਾਲੀ ਆਗੂ ਮੱਖਣ ਬਰਾੜ ਨੇ ਸੁਖਬੀਰ ਸਿੰਘ ਬਾਦਲ ਸਮੇਤ ਬਾਹਰੋਂ ਆਏ ਸੀਨੀਅਰ ਆਗੂਆਂ ਦਾ ਸਵਾਗਤ ਕੀਤਾ ਅਤੇ ਹਲਕੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਸਮਾਗਮ ਵਿੱਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ, ਰਜਿੰਦਰ ਸਿੰਘ ਡੱਲਾ, ਰਾਜਵਿੰਦਰ ਸਿੰਘ ਧਰਮਕੋਟ, ਗੁਰਜੰਟ ਸਿੰਘ ਚਾਹਲ, ਜੋਗਿੰਦਰ ਸਿੰਘ ਸੰਧੂ, ਬਲਜੀਤ ਸਿੰਘ ਕੰਗ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸੁਖਵਿੰਦਰ ਸਿੰਘ ਦਾਤੇਵਾਲਾ, ਇਕਬਾਲਦੀਪ ਸਿੰਘ ਹੈਰੀ, ਬਲਜੀਤ ਸਿੰਘ ਅਤੇ ਨੰਬਰਦਾਰ ਨਛੱਤਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਅਤੇ ਸਰਕਲ ਆਗੂ ਹਾਜ਼ਰ ਸਨ।

