ਵਿਦੇਸ਼ ’ਚ ਬੀੜਾਂ ਦੀ ਪ੍ਰਕਾਸ਼ਨਾ ’ਤੇ ਅਕਾਲ ਤਖ਼ਤ ਸਖ਼ਤ
ਅਮਰੀਕਾ ਵਿਖੇ ਅਕਾਲ ਤਖ਼ਤ ਦੀ ਅਧਿਕਾਰਤ ਕਮੇਟੀ ਦੇ ਮੈਂਬਰ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ
ਬਰਤਾਨੀਆ ਤੇ ਅਮਰੀਕਾ ਸਮੇਤ ਕੁਝ ਹੋਰ ਮੁਲਕਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਣਅਧਿਕਾਰਤ ਤੌਰ ’ਤੇ ਪ੍ਰਕਾਸ਼ਿਤ ਕਰਨ ਅਤੇ ਵੇਚਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਮਰੀਕਾ ਵਿਖੇ ਅਕਾਲ ਤਖ਼ਤ ਦੀ ਅਧਿਕਾਰਤ ਕਮੇਟੀ ਦੇ ਕੋਆਰਡੀਨੇਟਰ ਤੇ ਮੈਂਬਰ ਭਾਈ ਸ਼ਵਿੰਦਰ ਸਿੰਘ ਨੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਕਾਰ ਅਮਰੀਕਾ ’ਚ ਵੱਸਦੇ ਸਿੱਖਾਂ ਅਤੇ ਉੱਥੋਂ ਦੇ ਗੁਰਦੁਆਰਿਆਂ ਨਾਲ ਸਬੰਧਤ ਮਾਮਲਿਆਂ ਉੱਤੇ ਵਿਚਾਰ ਵਟਾਂਦਰਾ ਹੋਇਆ। ਮੁਲਾਕਾਤ ਦੌਰਾਨ ਬੀਤੇ ਸਮੇਂ ਕੁਝ ਵਿਅਕਤੀਆਂ ਵੱਲੋਂ ਵਿਦੇਸ਼ਾਂ ਤੋਂ ਅਣਅਧਿਕਾਰਤ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਪ੍ਰਕਾਸ਼ਨਾ ਕਰਕੇ ਸ਼ਰਧਾਲੂ ਸਿੱਖਾਂ ਨੂੰ ਵੇਚਣ, ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਬੀੜਾਂ ਮੁਹੱਈਆ ਕਰਵਾਉਣ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿੱਚ ਮਰਿਯਾਦਾ ਦੀ ਉਲੰਘਣਾ ਤੇ ਅਣਗਹਿਲੀ, ਸਿੱਖਾਂ ਦੇ ਆਪਸੀ ਬੇਲੋੜੇ ਵਿਵਾਦਾਂ, ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਨ ਲਈ ਅਕਾਲ ਤਖ਼ਤ ਨੂੰ ਗਲਤ ਤੇ ਗੁਮਰਾਹਕੁੰਨ ਜਾਣਕਾਰੀਆਂ ਭੇਜਣ ਦੇ ਮਾਮਲੇ ਗੰਭੀਰਤਾ ਨਾਲ ਵਿਚਾਰੇ ਗਏ।
ਆਉਣ ਵਾਲੇ ਸਮੇਂ ਵਿੱਚ ਉਹ ਅਮਰੀਕਾ ਦਾ ਦੌਰਾ ਕਰਨਗੇ। ਉਨ੍ਹਾਂ ਭਾਈ ਸਵਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ, ਮੀਡੀਆ ਸਲਾਹਕਾਰ ਜਸਕਰਨ ਸਿੰਘ ਤੇ ਹਰਜੋਧ ਸਿੰਘ ਮੌਜੂਦ ਸਨ।

