ਸਾਖ਼ ਨੂੰ ਢਾਹ ਲਾਉਣ ਲਈ ਏ ਆਈ ਦੀ ਵਰਤੋਂ ਕੀਤੀ: ਵਲਟੋਹਾ
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਉਂਦਿਆ ਕਿਹਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਏ ਆਈ ਨਾਲ ਤਿਆਰ ਆਡੀਓ ਵਾਇਰਲ ਕਰ ਕੇ ਉਨ੍ਹਾਂ ਅਤੇ ਪਾਰਟੀ ਦੀ ਸਾਖ਼ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ...
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਉਂਦਿਆ ਕਿਹਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਏ ਆਈ ਨਾਲ ਤਿਆਰ ਆਡੀਓ ਵਾਇਰਲ ਕਰ ਕੇ ਉਨ੍ਹਾਂ ਅਤੇ ਪਾਰਟੀ ਦੀ ਸਾਖ਼ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨਾਲ ਜੁੜੇ ਭਖਦੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਕਰਵਾਈ ਜਾਵੇ।
ਹਾਲ ਹੀ ਵਿੱਚ ਵਿਰਸਾ ਸਿੰਘ ਵਲਟੋਹਾ ਅਤੇ ਬਹਿਰੀਨ ਦੀ ਬੀਬੀ ਦੀ ਆਡੀਓ ਕਲਿੱਪ ਵਾਇਰਲ ਹੋਈ ਹੈ, ਜਿਸ ਵਿੱਚ ਦੋਵੇਂ ਗੱਲਬਾਤ ਕਰਦੇ ਸੁਣਾਈ ਦਿੰਦੇ ਹਨ। ਇਸੇ ਬੀਬੀ ਵੱਲੋਂ ਹੀ ਸ਼੍ੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ’ਤੇ ਜਬਰ-ਜਨਾਹ ਦੇ ਦੋਸ਼ ਲਾਏ ਗਏ ਹਨ ਅਤੇ ਪੁਲੀਸ ਕੇਸ ਦਰਜ ਹੋਇਆ ਹੈ। ਵਲਟੋਹਾ ਨੇ ਦਾਅਵਾ ਕੀਤਾ ਕਿ ਉਹ ਇਸ ਬੀਬੀ ਨੂੰ ਜਾਣਦੇ ਵੀ ਨਹੀਂ ਸਨ। ਉਹ ਅੱਜ ਤੱਕ ਕਦੇ ਵੀ ਉਸ ਨੂੰ ਨਹੀਂ ਮਿਲੇ ਹਨ। ਉਨ੍ਹਾਂ ਬਹਿਰੀਨ ਵਾਲੀ ਇਸ ਬੀਬੀ ਨੂੰ ਭੇਜਿਆ ਵੁਆਇਸ ਮੈਸੇਜ ਸੁਨੇਹਾ ਵੀ ਮੀਡੀਆ ਨੂੰ ਸੁਣਾਇਆ ਅਤੇ ਬੀਬੀ ਵੱਲੋਂ ਆਏ ਹੋਏ ਵੁਆਇਸ ਮੈਸੇਜ ਵੀ ਸੁਣਾਏ। ਅਕਾਲੀ ਆਗੂ ਨੇ ਬੀਬੀ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਉਸ ਨੂੰ ਅਕਾਲੀ ਆਗੂਆਂ ਦੇ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ’ਤੇ ਵੀ ਗੰਭੀਰ ਦੋਸ਼ ਲਾਏ ਹਨ।

