ਖੇਤੀ ਆਰਡੀਨੈਂਸ: ਸੰਘਰਸ਼ੀ ਮੁਹਾਣ ਹੁਣ ਰੇਲ ਮਾਰਗਾਂ ਵੱਲ

ਕਿਸਾਨ ਧਿਰਾਂ ਦੇ ਆਪਸੀ ਸੁਰ ਮਿਲਣ ਲੱਗੇ; 24 ਤੋਂ 26 ਤੱਕ ਰੇਲਾਂ ਰੋਕਣ ਦਾ ਫ਼ੈਸਲਾ

ਖੇਤੀ ਆਰਡੀਨੈਂਸ: ਸੰਘਰਸ਼ੀ ਮੁਹਾਣ ਹੁਣ ਰੇਲ ਮਾਰਗਾਂ ਵੱਲ

ਪਿੰਡ ਬਾਦਲ ’ਚ ਹਰਸਿਮਰਤ ਬਾਦਲ ਦੀ ਰਿਹਾਇਸ਼ ਦੇ ਬਾਹਰ ਦਿੱਤੇ ਧਰਨੇ ਦੌਰਾਨ ਨਾਅਰੇ ਮਾਰਦੀਆਂ ਹੋਈਆਂ ਕਿਸਾਨ ਬੀਬੀਆਂ। -ਫੋਟੋ: ਪਵਨ ਸ਼ਰਮਾ

ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਸਤੰਬਰ

ਪੰਜਾਬ ’ਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ਸੰਘਰਸ਼ ’ਚ ਉੱਤਰੀਆਂ ਕਿਸਾਨਾਂ ਧਿਰਾਂ ਦੇ ਆਪਸੀ ਸੁਰ ਮਿਲਣ ਲੱਗੇ ਹਨ ਜਿਨ੍ਹਾਂ ਰੇਲ ਆਵਾਜਾਈ ਰੋਕਣ ਦਾ ਫ਼ੈਸਲਾ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ 48 ਘੰਟੇ ਦੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ ਜਿਸ ਤਹਿਤ 24 ਤੋਂ 26 ਸਤੰਬਰ ਤੱਕ ਰੇਲ ਆਵਾਜਾਈ ਰੋਕੀ ਜਾਵੇਗੀ। ਸੰਘਰਸ਼ ਕਮੇਟੀ ਨੇ ਜੇਲ੍ਹ ਭਰੋ ਅੰਦੋਲਨ ਤਹਿਤ ਤਿੰਨ ਜ਼ਿਲ੍ਹਿਆਂ ਵਿੱਚ ਸੰਘਰਸ਼ ਇੱਕ ਅਕਤੂਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਵੀ ਕੀਤਾ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਸੂਬਾ ਪੱਧਰੀ ਮੀਟਿੰਗ ਮਗਰੋਂ ਦੱਸਿਆ ਕਿ ਸੰਘਰਸ਼ ਕਮੇਟੀ ਹੁਣ ਕੁੱਲ ਹਿੰਦ ਤਾਲਮੇਲ ਸੰਘਰਸ਼ ਕਮੇਟੀ ਦੀ ਪੰਜਾਬ ਇਕਾਈ ਵੱਲੋਂ ਦਿੱਤੇ ਪੰਜਾਬ ਬੰਦ ਦੀ ਹਮਾਇਤ ਕਰੇਗੀ। ਇਸੇ ਤਰ੍ਹਾਂ 20 ਸਤੰਬਰ ਨੂੰ ਪਿੰਡ ਬਾਦਲ ਤੇ ਪਟਿਆਲਾ ਮੋਰਚੇ ਵਿੱਚ ਕਿਸਾਨਾਂ ਦੇ ਜਥੇ ਹਮਾਇਤ ਵਜੋਂ ਭੇਜੇ ਜਾਣਗੇ। ਆਗੂਆਂ ਨੇ ਦੱਸਿਆ ਕਿ ਹਰਿਆਣਾ ਦੀਆਂ ਕਿਸਾਨ ਧਿਰਾਂ ਵੱਲੋਂ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੀ ਹਮਾਇਤ ਵਿਚ ਉਹ 20 ਸਤੰਬਰ ਨੂੰ ਜ਼ਿਲ੍ਹਾ ਪੱਧਰ ’ਤੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕਰਨਗੇ।

ਭਾਕਿਯੂ (ਰਾਜੇਵਾਲ), ਭਾਕਿਯੂ (ਲੱਖੋਵਾਲ) ਅਤੇ ਭਾਕਿਯੂ (ਸਿੱਧੂਪੁਰ) ਆਦਿ ’ਤੇ ਆਧਾਰਿਤ ਦਰਜਨ ਕਿਸਾਨ ਧਿਰਾਂ ਦੇ ਸਾਂਝੇ ਫਰੰਟ ਵੱਲੋਂ ਵੀ ਭਲਕੇ ਨਵੇਂ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਭਾਕਿਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਫਰੰਟ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਕਰ ਸਕਦਾ ਹੈ ਜਿਸ ਬਾਰੇ ਸਭ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਫ਼ੈਸਲਾ ਲਿਆ ਜਾਵੇਗਾ। ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਇਸ ਦੀ ਤਿਆਰੀ ਵਾਸਤੇ 19 ਸਤੰਬਰ ਨੂੰ ਮੋਗਾ ਵਿੱਚ ਮੀਟਿੰਗ ਸੱਦੀ ਹੈ।

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪਿੰਡ ਬਾਦਲ ਤੇ ਪਟਿਆਲਾ ਵਿਚ ਚੱਲ ਰਹੇ ਛੇ ਦਿਨਾਂ ਮੋਰਚੇ ਵਿੱਚ ਅੱਜ ਕਿਸਾਨ ਆਗੂਆਂ ਨੇ ਖੇਤੀ ਆਰਡੀਨੈਂਸਾਂ ਨੂੰ ਮੌਤ ਦੇ ਵਰੰਟ ਦੱਸਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ। ਮੋਰਚੇ ਦੇ ਤੀਜੇ ਦਿਨ ਕਿਸਾਨ ਆਗੂ ਮਹਿੰਦਰ ਸਿੰਘ ਰੋਮਾਣਾ ਅਤੇ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਆਰਡੀਨੈਂਸਾਂ ਦੇ ਅਮਲ ਵਿਚ ਆਉਣ ਨਾਲ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All