ਚਰਨਜੀਤ ਭੁੱਲਰ
ਚੰਡੀਗੜ੍ਹ, 20 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅੱਜ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਕਰੀਬ 1500 ਪਿੰਡਾਂ ਵਿਚ ਪੁਤਲੇ ਫੂਕ ਕੇ ਆਪਣਾ ਗੁੱਸਾ ਕੱਢਿਆ। 31 ਕਿਸਾਨ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ ਵਿੱਢਿਆ ਗਿਆ ਹੈ। ਲੰਮੇ ਅਰਸੇ ਮਗਰੋਂ ਏਨੀਆਂ ਕਿਸਾਨ ਧਿਰਾਂ ਇੱਕੋ ਮੰਚ ’ਤੇ ਇਕੱਤਰ ਹੋਈਆਂ ਹਨ। ਇਨ੍ਹਾਂ ਕਿਸਾਨ ਧਿਰਾਂ ਵੱਲੋਂ ਨਾਲੋਂ ਨਾਲ 25 ਸਤੰਬਰ ਦੇ ‘ਪੰਜਾਬ ਬੰਦ’ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ 31 ਕਿਸਾਨ ਧਿਰਾਂ ਦੇ ਕੋਆਰਡੀਨੇਟਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿ ਕਰੀਬ 1500 ਪਿੰਡਾਂ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਲਕੇ ਕਿਸਾਨ ਧਿਰਾਂ ਦੇ ਸਥਾਨਕ ਆਗੂ ਆਪਸ ਵਿਚ ਬੈਠ ਕੇ ਪੰਜਾਬ ਬੰਦ ਦੀ ਤਿਆਰੀ ਲਈ ਰੂਪ-ਰੇਖਾ ਉਲੀਕਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕਿਸਾਨ ਧਿਰਾਂ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਕਿਸਾਨ ਵਿੰਗ ਸ਼ਾਮਲ ਨਹੀਂ ਹੈ।
ਕਿਸਾਨ-ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮਾਝੇ ਦੇ ਸੈਂਕੜੇ ਪਿੰਡਾਂ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਉਨ੍ਹਾਂ ਵੱਲੋਂ 24 ਤੋਂ 26 ਸਤੰਬਰ ਤੱਕ 48 ਘੰਟੇ ਰੇਲ ਆਵਾਜਾਈ ਰੋਕੇ ਜਾਣ ਦਾ ਪ੍ਰੋਗਰਾਮ ਹੈ ਜਿਨ੍ਹਾਂ ਦੇ ਸਥਾਨ ਭਲਕੇ ਵਿਚਾਰੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸੂਬੇ ਦੇ ਸਾਰੇ ਸੰਸਦ ਮੈਂਬਰ ਫੌਰੀ ਅਸਤੀਫ਼ੇ ਦੇਣ।
ਬੀਕੇਯੂ (ਉਗਰਾਹਾਂ) ਦੇ ਪਿੰਡ ਬਾਦਲ ਅਤੇ ਪਟਿਆਲਾ ਮੋਰਚੇ ਵਿਚ ਵੀ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਯੂਨੀਅਨ ਦੀ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰੰਦੂ ਅਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਬੰਦ ਦੌਰਾਨ ਮਾਲਵੇ ਦੇ ਰੇਲ ਮਾਰਗ ਜਾਮ ਕੀਤੇ ਜਾਣਗੇ ਜਿਨ੍ਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਰਾਜ ਸਭਾ ਵਿਚ ਖੇਤੀ ਬਿੱਲ ਪਾਸ ਕਰਵਾ ਕੇ ਆਪਣੀ ਜ਼ਿੱਦ ਪੁਗਾ ਲਈ ਹੈ ਪ੍ਰੰਤੂ ਹੁਣ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਅਮਲ ਵਿਚ ਨਹੀਂ ਆਊਣ ਦੇਣਗੇ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਡਵੀਜ਼ਨ ਫਿਰੋਜ਼ਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਅਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਸਾਨ ਅੰਦੋਲਨ ਨੂੰ ਅੱਜ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਸਾਨ, ਮਜ਼ਦੂਰ ਤੇ ਲੋਕ ਵਿਰੋਧੀ ਅੰਦੋਲਨ ਵਿਚ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬੀ ਲੇਖਕ, ਬੁੱਧੀਜੀਵੀ ਅਤੇ ਸਭਿਆਚਾਰਕ ਕਾਮੇ ਪੰਜਾਬ ਬੰਦ ਵਿਚ ਸ਼ਮੂਲੀਅਤ ਕਰਨ। ਆੜ੍ਹਤੀਆਂ ਨੇ ਵੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ ਹੈ। ਅੰਦੋਲਨਾਂ ’ਚ ਵੱਡੀ ਗਿਣਤੀ ਵਿਚ ਨੌਜਵਾਨ ਵੀ ਪੁੱਜ ਰਹੇ ਹਨ।