ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 21 ਸਤੰਬਰ
ਬਲਾਕ ਖੇੜਾ ਦੇ ਬੱਸ ਸਟੈਂਡ ਵਿੱਚ ਇਲਾਕੇ ਦੇ ਕਿਸਾਨਾਂ ਨੇ ਪ੍ਰਕਾਸ਼ ਸਿੰਘ ਬੱਬਲ ਬਲਾਕ ਪ੍ਰਧਾਨ ਖੇੜਾ ਅਤੇ ਬਲਵਿੰਦਰ ਸਿੰਘ ਘੇਲ ਵਾਈਸ ਪ੍ਰਧਾਨ ਬਲਾਕ ਖੇੜਾ ਦੀ ਅਗਵਾਈ ਹੇਠ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਆਗੂਆਂ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਕਿਸਾਨਾਂ ਦਾ ਕਤਲ ਕੀਤਾ ਗਿਆ ਹੈ। ਰਾਜ ਸਭਾ ਵਿੱਚ ਕਿਸਾਨ ਵਿਰੋਧੀ ਕਾਨੂੰਨ ਪਾਸ ਕਰ ਦਿੱਤਾ। 2013 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਵਿੱਚ ਇਹੀ ਕਿਸਾਨ ਵਿਰੋਧੀ ਕਾਨੂੰਨ ਪਾਸ ਕਰ ਕੇ ਇਸ ਬਿੱਲ ਦੀ ਸ਼ੁਰੂਆਤ ਕੀਤੀ ਸੀ, ਜੋ ਅੱਜ ਦੇਸ਼ ਵਿੱਚ ਇੱਕ ਕਿਸਾਨ ਵਿਰੋਧੀ ਕਾਨੂੰਨ ਬਣ ਗਿਆ। ਕਾਂਗਰਸ ਪਾਰਟੀ ਨੇ ਵੀ ਕਿਸਾਨਾਂ ਵਿਰੁੱਧ ਪਾਸ ਕੀਤੇ ਬਾਦਲ ਸਰਕਾਰ ਦੇ ਕਾਨੂੰਨ ਨੂੰ ਰੱਦ ਨਹੀਂ ਕੀਤਾ। ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਕੋਈ ਕਾਰਜ ਨਹੀਂ ਕੀਤਾ। ਜੂਨ 2019 ਵਿੱਚ ਕੇਂਦਰ ਸਰਕਾਰ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਵਿੱਚ ਮੈਂਬਰ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਇਸ ਆ ਰਹੀ ਕਿਸਾਨੀ ਵਿਰੋਧੀ ਬਿਪਤਾ ਤੋਂ ਜਾਣੂ ਨਹੀਂ ਕਰਵਾ ਕੇ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਵਿਉਪਾਰੀਆਂ ਨਾਲ ਧਰੋਹ ਕਮਾਇਆ ਹੈ, ਜਿਸ ਦਾ ਖ਼ਮਿਆਜ਼ਾ ਕਾਂਗਰਸ ਤੇ ਅਕਾਲੀ ਭਾਜਪਾ ਨੂੰ 2022 ਵਿੱਚ ਭੁਗਤਣਾ ਪਵੇਗਾ।
ਖਰੜ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੁੱਧ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਮਰੀਕ ਸਿੰਘ ਹੈਪੀ ਨੇ ਦੱਸਿਆ ਕਿ ਕਮਲਦੀਪ ਸਿੰਘ ਸੈਣੀ ਅਤੇ ਹੋਰ ਆਗੂਆਂ ਨੇ ਜ਼ੋਰ-ਸ਼ੋਰ ਨਾਲ ਜ਼ਿੰਮੀਦਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਕਾਰਨ ਕਿਸਾਨਾਂ ਦਾ ਤਾਂ ਨੁਕਸਾਨ ਹੋਵੇਗਾ ਹੀ ਪਰ ਆੜ੍ਹਤੀਆਂ ਤੇ ਮਜ਼ਦੂਰਾਂ ਦਾ ਰੁਜ਼ਗਾਰ ਵੀ ਖਤਮ ਹੋ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰਜੀਤ ਸਿੰਘ ਬਡਾਲਾ ਬਲਾਕ ਪ੍ਰਧਾਨ, ਰਾਜਵੀਰ ਸਿੰਘ ਰਾਜੀ ਬਲਾਕ ਯੂਥ ਪ੍ਰਧਾਨ, ਯਸਪਾਲ ਬਾਂਸਲ ਖਰੜ ਸਹਿਰੀ ਪ੍ਰਧਾਨ, ਜਸਵਿੰਦਰ ਸਿੰਘ ਗੋਲਡੀ ਤੋਂ ਇਲਾਵਾ ਕਿਸਾਨ ਆਗੂ ਅਤੇ ਪਾਰਟੀ ਦੇ ਸੀਨੀਅਰ ਮੈਂਬਰਾਨ ਮੌਜੂਦ ਸਨ। ਕੁਰਾਲੀ (ਪੱਤਰ ਪ੍ਰੇਰਕ): ਕੇਂਦਰ ਦੇ ਖੇਤੀ ਸੋਧ ਬਿੱਲ ਨੂੰ ਲੈ ਕੇ ਅੱਜ ਸਿਟੀ ਕਾਂਗਰਸ ਵਲੋਂ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਬਿੱਲ ਵਾਪਸ ਲੈਣ ਦੀ ਮੰਗ ਵੀ ਕੀਤੀ। ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ ਦੀ ਅਗਵਾਈ ਵਿੱਚ ਕੀਤੇ ਇਰ ਰੋਸ ਮਾਰਚ ਦੌਰਾਨ ਰਾਣਾ ਜਸਵੀਰ ਸਿੰਘ, ਰਮਾਕਾਂਤ ਕਾਲੀਆ ਤੇ ਹੈਪੀ ਧੀਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਣ ਲਈ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ।
ਮਿਲਕਮੈਨ ਯੂਨੀਅਨ ਵੱਲੋਂ ਬੰਦ ਦੀ ਹਮਾਇਤ
ਚੰਡੀਗੜ੍ਹ (ਟਨਸ): ਚੰਡੀਗੜ੍ਹ ਪੈਰੀਫੇਰੀ ਮਿਲਕਮੈਨ ਯੂਨੀਅਨ ਨੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ 25 ਸਤਬੰਤ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਦੀ ਹਮਾਇਤ ਕੀਤੀ ਹੈ। ਯੂਨੀਅਨ ਵੱਲੋਂ ਬੰਦ ਨੂੰ ਕਾਮਯਾਬ ਕਰਨ ਲਈ ਇਸ ਦਿਨ ਚੰਡੀਗੜ੍ਹ ਤੇ ਮੁਹਾਲੀ ਵਿੱਚ ਦੁੱਧ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ। ਇਸ ਦਿਨ ਯੂਨੀਅਨ ਵੱਲੋਂ ਸਾਰੇ ਦੋਧੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈ ਹਨ। ਇਸ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਸਰਪ੍ਰਸਤ ਹਾਕਮ ਸਿੰਘ ਮਨਾਨਾ ਨੇ ਦੱਸਿਆ ਕਿਕ ਪਾਸੇ ਕੀਤੇ ਬਿੱਲ ਉਨ੍ਹਾਂ ਦੇ ਧੰਦੇ ਲਈ ਖ਼ਤਰਨਾਕ ਸਾਬਤ ਹੋਣਗੇ।