ਅਗਨੀਵੀਰ ਭਰਤੀ: ਆਨਲਾਈਨ ਸਾਂਝਾ ਦਾਖ਼ਲਾ ਪ੍ਰੀਖਿਆ 30 ਤੋਂ
ਪਟਿਆਲਾ: ਭਾਰਤੀ ਫ਼ੌਜ ਵਿੱਚ ਸਾਲ 2025-26 ਦੀ ਅਗਨੀਵੀਰ ਦੀ ਭਰਤੀ ਲਈ ਆਨਲਾਈਨ ਸਾਂਝਾ ਦਾਖਲਾ ਪ੍ਰੀਖਿਆ (ਸੀਈਈ) 30 ਜੂਨ ਤੋਂ 10 ਜੁਲਾਈ ਤੱਕ ਨਿਰਧਾਰਤ ਕੀਤੀ ਗਈ ਹੈ। ਆਨਲਾਈਨ ਪ੍ਰੀਖਿਆ ਆਈਓਐੱਨ ਡਿਜੀਟਲ ਜ਼ੋਨ, ਬਹਾਦਰਗੜ੍ਹ, ਪਟਿਆਲਾ ਅਤੇ ਰਿਮਟ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿੱਚ ਕਰਵਾਈ ਜਾ ਰਹੀ ਹੈ। ਸਮਾਂ-ਸਾਰਣੀ ਭਾਰਤੀ ਫੌਜ ਦੀ ਵੈੱਬਸਾਈਟ ’ਤੇ ਪ੍ਰਦਰਸ਼ਿਤ ਕੀਤੀ ਗਈ ਹੈ। ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਆਨਲਾਈਨ ਦਾਖਲਾ ਪ੍ਰੀਖਿਆ ਦਾ ਨਤੀਜਾ ਜੁਲਾਈ ਵਿੱਚ ਐਲਾਨਿਆ ਜਾਵੇਗਾ। -ਪੱਤਰ ਪ੍ਰੇਰਕ
ਦਿੱਲੀ ਦੇ ਸਿੱਖ ਆਗੂ ਲੁਧਿਆਣਾ ਵਾਲਿਆਂ ਨੇ ਨਕਾਰੇ: ਕਾਹਲੋਂ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਲੁਧਿਆਣਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੌਥੇ ਨੰਬਰ ’ਤੇ ਆਉਣ ਬਾਰੇ ਟਿੱਪਣੀ ਕੀਤੀ ਕਿ ਦਿੱਲੀ ਦੇ ਸਿੱਖ ਆਗੂਆਂ ਨੂੰ ਲੁਧਿਆਣਾ ਵਾਲਿਆਂ ਨੇ ਨਕਾਰ ਦਿੱਤਾ ਹੈ। ਸ੍ਰੀ ਕਾਹਲੋਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਰਮਜੀਤ ਸਿੰਘ ਸਰਨਾ ਨੂੰ ਸਿੱਖਾਂ ਦੀ ਇਸ ਨੁਮਾਇੰਦਾ ਪਾਰਟੀ ਤੋਂ ਦੂਰ ਕਰਨ। ਉਨ੍ਹਾਂ ਕਿਹਾ ਕਿ ਜੋ ਦੁਰਗਤ ਅਕਾਲੀ ਦਲ ਹੁਣ ਹੋ ਰਹੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਸਿੱਖਾਂ ਦੀ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਪਰ ਇਹ ਦਿਨੋਂ ਦਿਨ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਦਲ ਦੇ ਉਮੀਦਵਾਰ ਨੂੰ ਬਹੁਤ ਘੱਟ ਵੋਟਾਂ ਪੈਣ ’ਤੇ ਵੀ ਦੁੱਖ
ਪ੍ਰਗਟ ਕੀਤਾ। -ਪੱਤਰ ਪ੍ਰੇਰਕ