Agitation: ਬਜ਼ੁਰਗ ਟਾਵਰ ’ਤੇ: 11 ਦਿਨ ’ਚ ਵੀ ਕੋਈ ਹੱਲ ਨਹੀਂ
ਕਿਸੇ ਵੀ ਜਾਨੀ ਨੁਕਸਾਨ ਲੲੀ ਡੈਮ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਜ਼ਿੰਮੇਵਾਰ: ਸੰਘਰਸ਼ ਕਮੇਟੀ
ਬੈਰਾਜ ਆਊਸਟੀ ਸੰਘਰਸ਼ ਕਮੇਟੀ ਜੈਨੀ ਦੇ 79 ਮੈਂਬਰਾਂ ਨੂੰ ਨੌਕਰੀ ਦੇਣ ਦੀ ਮੰਗ ਲਈ ਪਿੰਡ ਸਿਦੋੜੀ ਨੇੜੇ 200 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਦੋ ਬਜ਼ੁਰਗਾਂ ਦਾ ਸੰਘਰਸ਼ 11ਵੇਂ ਦਿਨ ਵੀ ਜਾਰੀ ਹੈ। 11 ਦਿਨਾਂ ਤੱਕ ਟਾਵਰ ’ਤੇ ਰਹਿਣ ਕਾਰਨ ਹੁਣ ਦੋਵਾਂ ਬਜ਼ੁਰਗਾਂ ਦੀ ਹਾਲਤ ਵਿਗੜਨ ਲੱਗੀ ਹੈ। ਰੋਜ਼ਾਨਾ 4 ਦਿਨ ਤੋਂ ਤੜਕੇ ਬਾਰਸ਼ ਹੋ ਜਾਂਦੀ ਹੈ। ਦੋਨੋਂ ਬਜ਼ੁਰਗ ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ ਸਰਕਾਰ ਅਤੇ ਸ਼ਾਹਪੁਰਕੰਡੀ ਡੈਮ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਸੰਘਰਸ਼ ਕਰ ਰਹੇ ਦੋਵਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਹ ਟਾਵਰ ਤੋਂ ਹੇਠਾਂ ਨਹੀਂ ਉਤਰਨਗੇ। ਭਾਵੇਂ ਉਨ੍ਹਾਂ ਨੂੰ ਗਰਮੀ, ਤੇਜ਼ ਧੁੱਪ, ਮੀਂਹ ਅਤੇ ਤੂਫਾਨ ਦਾ ਸਾਹਮਣਾ ਕਰਨਾ ਪਵੇ।
ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਟਾਵਰ ’ਤੇ ਬੈਠੇ ਦੋਵਾਂ ਬਜ਼ੁਰਗਾਂ ਵਿੱਚੋਂ ਕੁਲਵਿੰਦਰ ਸਿੰਘ ਨੂੰ ਹੁਣ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਣ ਲੱਗੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋਵਾਂ ਵਿੱਚੋਂ ਕਿਸੇ ਵੀ ਬਜ਼ੁਰਗ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਡੈਮ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਦਿਆਲ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੈਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਜਾਵੇ। ਦੋਵਾਂ ਬਜ਼ੁਰਗਾਂ ਲਈ ਆਰਜ਼ੀ ਤੌਰ ’ਤੇ ਦਵਾਈਆਂ ਲਿਫਾਫਿਆਂ ਵਿੱਚ ਪਾ ਕੇ ਰੱਸੀ ਰਾਹੀਂ ਉੱਪਰ ਭੇਜੀਆਂ ਜਾ ਰਹੀਆਂ ਹਨ ਅਤੇ ਖਾਣਾ ਵੀ ਉਹ ਦਿਨ ਵਿੱਚ ਸਿਰਫ਼ ਇੱਕ ਵਾਰ ਖਾ ਰਹੇ ਹਨ। ਇਨ੍ਹਾਂ ਪਰਿਵਾਰਾਂ ਦੀਆਂ ਜ਼ਮੀਨਾਂ ਸ਼ਾਹਪਰਕੰਡੀ ਬੈਰਾਜ ਪ੍ਰਸ਼ਾਸਨ ਨੇ ਗ੍ਰਹਿਣ ਕੀਤੀਆਂ ਸਨ ਅਤੇ ਇਹ ਪਰਿਵਾਰ ਆਊਸਟੀ ਕੋਟੇ ਵਿੱਚੋਂ ਨੌਕਰੀ ਦੀ ਮੰਗ ਕਰ ਰਹੇ ਹਨ।

