ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਜੁਲਾਈ
ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਮਤਾ ਵਿਖੇ ਨਤਮਸਤਕ ਹੋਣ ਸਮੇਂ ਗੁਰਦੁਆਰੇ ਵਿਚ ਮਰਿਆਦਾ ਦੀ ਹੋਈ ਕਥਿਤ ਉਲੰਘਣਾ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ, ਜੋ ਉਥੋਂ ਦਾ ਦੌਰਾ ਕਰਕੇ ਸਾਰੇ ਮਾਮਲੇ ਦੀ ਜਾਂਚ ਮਗਰੋਂ ਆਪਣੀ ਰਿਪੋਰਟ ਸੌਂਪੇਗੀ। ਇਸ ਦਾ ਖੁਲਾਸਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਵਿਚ ਸ੍ਰੀ ਅਕਾਲ ਤਖ਼ਤ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਹੈੱਡ ਪ੍ਰਚਾਰਕ ਸਰਬਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਤੋਂ ਅਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਮੱਤਾ ਵਿਖੇ ਮੱਥਾ ਟੇਕਣ ਲਈ ਗਏ ਸਨ। ਉਨ੍ਹਾਂ ਦੇ ਸਵਾਗਤ ਵਿਚ ਗੁਰੂ ਘਰ ਦੀ ਮਰਿਆਦਾ ਦੀ ਵੱਡੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਦਾ ਸਵਾਗਤ ਕਰਨ ਲਈ ਗੁਰਦੁਆਰਾ ਕੈਂਪਸ ਅੰਦਰ ਕੁੜੀਆਂ ਤੋਂ ਰਵਾਇਤੀ ਪਹਾੜੀ ਪੁਸ਼ਾਕ ਵਿਚ ਨ੍ਰਿਤ ਕਰਵਾਇਆ ਗਿਆ। ਇਸ ਵੇਲੇ ਗੁਰਦੁਆਰੇ ਵਿਚ ਚੱਲ ਰਹੀ ਗੁਰਬਾਣੀ ਨੂੰ ਵੀ ਰੋਕ ਦਿੱਤਾ ਗਿਆ ਸੀ। ਗੁਰਦੁਆਰਾ ਕੈਂਪਸ ਵਿਚ ਹੀ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਸਨ। ਇਸ ਸਬੰਧ ਵਿਚ ਦਸਤਾਵੇਜ਼ੀ ਸਬੂਤ ਵਜੋਂ ਕੁਝ ਵੀਡੀਓ ਵੀ ਸ੍ਰੀ ਅਕਾਲ ਤਖ਼ਤ ਵਿਖੇ ਪੁੱਜੇ ਹਨ। ਵੇਰਵਿਆਂ ਮੁਤਾਬਕ ਗੁਰਦੁਆਰੇ ਵਿਚ ਮੱਥਾ ਟੇਕਣ ਵੇਲੇ ਮੁੱਖ ਮੰਤਰੀ ਨੂੰ ਸਿਰੋਪਾ ਤੇ ਸ੍ਰੀ ਸਾਹਿਬ ਦੇ ਨਾਲ ਚਾਂਦੀ ਦਾ ਮੁਕਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰੇ ਵਿਚ ਮਰਿਆਦਾ ਦੀ ਹੋਈ ਇਸ ਉਲੰਘਣਾ ਦੀ ਸਿੱਖਾਂ ਵਲੋਂ ਵੀ ਨਿੰਦਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇਸ ਸਬੰਧ ’ਚ ਕੁਝ ਸਿੱਖਾਂ ਵਲੋਂ ਮਰਿਆਦਾ ਦੀ ਉਲੰਘਣਾ ਬਾਰੇ ਪ੍ਰਬੰਧਕਾਂ ਕੋਲੋਂ ਪੁੱਛਗਿੱਛ ਕਰਨ ਬਾਰੇ ਵੀ ਆਖਿਆ ਜਾ ਰਿਹਾ ਹੈ। ਭਾਜਪਾ ਆਗੂ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਜਿਥੇ ਸਿੱਖਾਂ ਦੀ ਵੱਡੀ ਵਸੋਂ ਹੈ।