ਮੋਰਚਿਆਂ ਦੀ ਮਜ਼ਬੂਤੀ ਤੇ ਲਾਮਬੰਦੀ ਲਈ ਸਰਗਰਮੀਆਂ ਤੇਜ਼

ਪੰਜਾਬ ’ਚ ਧਰਨਿਆਂ ’ਤੇ ਵੀ ਇਕੱਠ ਵੱਧਣ ਲੱਗਾ; ਅਧਿਆਪਕ ਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਕਿਸਾਨਾਂ ਦੇ ਹੱਕ ’ਚ ਮਸ਼ਾਲ ਮਾਰਚ ਕੱਢਣ ਲੱਗੀਆਂ

ਮੋਰਚਿਆਂ ਦੀ ਮਜ਼ਬੂਤੀ ਤੇ ਲਾਮਬੰਦੀ ਲਈ ਸਰਗਰਮੀਆਂ ਤੇਜ਼

ਭਵਾਨੀਗੜ੍ਹ ਨੇੜੇ ਟੌਲ ਪਲਾਜ਼ਾ ਮਾਝੀ ਵਿਖੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਫੋਟੋ=ਮੱਟਰਾਂ

ਦਵਿੰਦਰ ਪਾਲ

ਚੰਡੀਗੜ੍ਹ, 2 ਦਸੰਬਰ

ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀ ਕੀਤੀ ਘੇਰਾਬੰਦੀ ’ਚ ਜਥਿਆਂ ਦੀ ਸ਼ਮੂਲੀਅਤ ਦੇ ਨਾਲ ਹੀ ਸੂਬੇ ਵਿੱਚ ਚੱਲ ਰਹੇ ਧਰਨਿਆਂ ਦੌਰਾਨ ਵੀ ਕਿਸਾਨਾਂ ਅਤੇ ਬੀਬੀਆਂ ਦੇ ਵੱਡੇ ਇਕੱਠ ਕਿਸਾਨੀ ਜੋਸ਼ ਦੀ ਗਵਾਹੀ ਭਰ ਰਹੇ ਹਨ। ਪੰਜਾਬ ਦੇ ਪਿੰਡਾਂ ਵਿੱਚ ਇੱਕ ਵੱਖਰੀ ਕਿਸਮ ਦਾ ਮਹੌਲ ਬਣਿਆ ਹੋਇਆ ਹੈ। ਪਹਿਲੀ ਅਕਤੂਬਰ ਤੋਂ ਸ਼ੁਰੂ ਹੋਏ ਸੰਘਰਸ਼ੀ ਅਖਾੜਿਆਂ ’ਚ ਲੋਕਾਂ ਦਾ ਇਕੱਠ ਵਧਣ ਦੇ ਨਾਲ ਹੀ ਕਿਸਾਨਾਂ ਦੇ ਸਹਿਯੋਗ ਲਈ ਟਰੇਡ ਯੂਨੀਅਨਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ।

ਸੂਬੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖੋ-ਵੱਖਰੇ ਤੌਰ ’ਤੇ ਧਰਨਿਆਂ ਦਾ ਸਿਲਸਿਲਾ ਜਾਰੀ ਹੈ। ਸੂਬੇ ਵਿੱਚ 100 ਦੇ ਕਰੀਬ ਥਾਵਾਂ ’ਤੇ ਧਰਨੇ ਜਾਰੀ ਹਨ। ਉਧਰ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ ’ਤੇ ਵੀ ਟਰੈਕਟਰਾਂ ਅਤੇ ਟਰਾਲੀਆਂ ਵਿੱਚ ਸਵਾਰ ਕਿਸਾਨਾਂ ਦੇ ਜਥੇ ਲਗਾਤਾਰ ਦਿੱਲੀ ਨੂੰ ਚਾਲੇ ਪਾ ਰਹੇ ਹਨ। ਪਿੰਡਾਂ ਵਿੱਚੋਂ ਰਸਦ ਵੀ ਵੱਡੇ ਪੱਧਰ ’ਤੇ ਜਾ ਰਹੀ ਹੈ। ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਅੱਜ ਵੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿਨ ਰਾਤ ਦੇ ਵਿਸ਼ਾਲ ਧਰਨੇ 50ਵੇਂ ਦਿਨ ਵੀ ਜਾਰੀ ਰਹੇ। ਇਸ ਦੌਰਾਨ 40 ਥਾਵਾਂ ’ਤੇ ਧਰਨੇ ਦਿੱਤੇ ਗਏ। ਮਜ਼ਦੂਰ ਆਗੂ ਨੇ ਦੱਸਿਆ ਕਿ ਪਹਿਲਾਂ 67 ਥਾਵਾਂ ਵਿੱਚੋਂ ਰਿਲਾਇੰਸ ਤੇ ਐੱਸਾਰ ਦੇ ਡੀਲਰਸ਼ਿਪ ਵਾਲੇ 26 ਪੈਟਰੋਲ ਪੰਪਾਂ ਦੇ ਘਿਰਾਓ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ 7 ਨਵੰਬਰ ਤੋਂ ਖ਼ਤਮ ਕੀਤੇ ਗਏ ਸਨ। ਕਿਸਾਨਾਂ ਨੇ ਭਾਜਪਾ ਦੇ ਆਈਟੀ ਸੈੱਲ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਵੱਖਵਾਦੀ ਤੇ ਫਿਰਕੂ ਰੰਗਤ ਦੇਣ ਦਾ ਨੋਟਿਸ ਲੈਂਦਿਆਂ ਭਗਵਾਂ ਪਾਰਟੀ ਦੀਆਂ ਚਾਲਾਂ ਦਾ ਮੂੰਹ-ਤੋੜ ਜਵਾਬ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਰਾਮਪੁਰਾ, ਬਠਿੰਡਾ, ਮੋਗਾ, ਬਰਨਾਲਾ, ਸੰਗਰੂਰ, ਮੁਕਤਸਰ, ਫਰੀਦਕੋਟ ਅਤੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਅਧਿਆਪਕਾਂ, ਬਿਜਲੀ ਕਾਮਿਆਂ ਤੇ ਹੋਰਨਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਕਿਸਾਨ ਘੋਲ਼ ਦੀ ਹਮਾਇਤ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਅੱਜ ਮਸ਼ਾਲ ਮਾਰਚ ਕੱਢਿਆ ਗਿਆ ਤੇ ਭਲਕੇ 3 ਦਸੰਬਰ ਨੂੰ ਪੰਜਾਬ ਦੇ ਸ਼ਹਿਰਾਂ ’ਚ ਸ਼ਾਮ ਨੂੰ ਮਸ਼ਾਲ ਮਾਰਚ ਕੀਤਾ ਜਾ ਰਿਹਾ ਹੈ, ਜਿਨ੍ਹਾਂ ’ਚ ਅਧਿਆਪਕਾਂ ਦੀ ਪਹਿਲ ਕਦਮੀ ਤੇ ਹੋਰ ਵਰਗਾਂ ਦੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸੂਬੇ ਵਿੱਚ 9 ਟੌਲ ਪਲਾਜ਼ਿਆਂ ਕਾਲਾਝਾੜ, ਲੱਡਾ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ, ਜੀਦਾ (ਬਠਿੰਡਾ), ਕੱਥੂਨੰਗਲ (ਗੁਰਦਾਸਪੁਰ), ਚੰਦ ਪੁਰਾਣਾ (ਮੋਗਾ), ਮਾਹਮੂ ਜੋਈਆਂ (ਫਾਜ਼ਿਲਕਾ), ਲਹਿਰਾ (ਲੁਧਿਆਣਾ), 7 ਸ਼ਾਪਿੰਗ ਮਾਲਾਂ, ਬੈਸਟ ਪ੍ਰਾਈਸ ਤੇ ਰਿਲਾਇੰਸ ਦੇ ਸਟੋਰਾਂ, ਅਡਾਨੀ ਦੇ ਸੈਲੋ ਗੋਦਾਮ, ਰਿਲਾਇੰਸ ਪੰਪਾਂ ਤੇ ਥਰਮਲ ਪਲਾਂਟ ਵਣਾਂਵਾਲੀ (ਮਾਨਸਾ) ਤੇ ਰਾਜਪੁਰਾ (ਪਟਿਆਲਾ) ਵਿਖੇ ਧਰਨੇ ਦਿੱਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All