Abohar : ਵਿਧਾਇਕ ਜਾਖੜ ਨੇ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਸੜਕਾਂ ਬਣਾਉਣ 'ਤੇ ਚੁੱਕੇ ਸਵਾਲ
ਅਬੋਹਰ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਬਣ ਰਹੀਆਂ (ਕਾਰਪੇਟਿੰਗ) ਸੜਕਾਂ ਦਾ ਨਿਰੀਖਣ ਕਰਨ ਤੋਂ ਬਾਅਦ, ਵਿਧਾਇਕ ਸੰਦੀਪ ਜਾਖੜ ਨੇ ਅੱਜ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ...
ਅਬੋਹਰ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੇ ਬਾਵਜੂਦ ਬਣ ਰਹੀਆਂ (ਕਾਰਪੇਟਿੰਗ) ਸੜਕਾਂ ਦਾ ਨਿਰੀਖਣ ਕਰਨ ਤੋਂ ਬਾਅਦ, ਵਿਧਾਇਕ ਸੰਦੀਪ ਜਾਖੜ ਨੇ ਅੱਜ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਸੌਂਪਣਗੇ, ਜਿਸ ਵਿੱਚ ਇਸ 'ਘਪਲੇ' ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਚਾਰ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜਿਹੜੀਆਂ ਸੜਕਾਂ ਦੀ ਮੁਰੰਮਤ ਹੋ ਰਹੀ ਹੈ, ਉਹ ਖਰਾਬ ਮੌਸਮ ਕਾਰਨ ਸ਼ਾਇਦ ਜ਼ਿਆਦਾ ਦੇਰ ਟਿਕ ਨਹੀਂ ਸਕਣਗੀਆਂ।
ਉਨ੍ਹਾਂ ਕਿਹਾ ਕਿ ਮੇਜਰ ਸੁਰਿੰਦਰ ਚੌਕ ਨੂੰ ਸਦਰ ਥਾਣਾ ਚੌਕ ਨਾਲ ਜੋੜਨ ਵਾਲੀ ਬਣ ਰਹੀ ਸੜਕ ਦੀ ਵੀ ਆਲੋਚਨਾ ਹੋ ਰਹੀ ਹੈ। ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਲੁੱਕ ਅਤੇ ਬਜਰੀ ਪਾ ਕੇ ਸੜਕ ਬਣਾਉਣਾ ਇੱਕ ਘਪਲਾ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸੜਕ ਮੀਂਹ ਅਤੇ ਗੜੇਮਾਰੀ ਕਾਰਨ ਖਰਾਬ ਹੋ ਗਈ ਅਤੇ ਉਸ ਦੀ ਉੱਪਰਲੀ ਪਰਤ ਉੱਖੜ ਗਈ। ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਵਾਹਨ ਲੰਘਦੇ ਹਨ ਅਤੇ ਇਹ ਰਸਤਾ ਬੱਸ ਸਟੈਂਡ ਦੇ ਨਾਲ-ਨਾਲ ਨੇੜੇ ਦੇ ਦੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਜੋੜਦਾ ਹੈ। ਅਧਿਕਾਰੀਆਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਕਿ ਸੜਕ ਬਣਾਉਣ ਲਈ ਵਰਤੀ ਜਾਂਦੀ ਲੁੱਕ ਅਤੇ ਬਜਰੀ ਆਮ ਤੌਰ ਉੱਤੇ ਉਦੋਂ ਹੀ ਪਾਈ ਜਾਂਦੀ ਹੈ ਜਦੋਂ ਮਈ-ਜੂਨ ਦੀ ਭਾਰੀ ਗਰਮੀ ਹੁੰਦੀ ਹੈ। ਅਪਰੈਲ ਦੇ ਮਹੀਨੇ ਵਿੱਚ ਜਦੋਂ ਮੌਸਮ ਜਨਵਰੀ ਵਰਗਾ ਠੰਢਾ ਹੈ ਤਾਂ ਸੜਕਾਂ 'ਤੇ ਲੁੱਕ ਪਾਉਣਾ ਸਬੰਧਤ ਲੋਕਾਂ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਦਾ ਹੈ।
ਵਿਧਾਇਕ ਨੇ ਸਾਬਕਾ ਮੇਅਰ ਵਿਮਲ ਥੱਈ ਅਤੇ ਕਈ ਸਾਬਕਾ ਕੌਂਸਲਰਾਂ ਸਮੇਤ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਅਤੇ ਲਾਪਰਵਾਹੀ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸੜਕਾਂ ਦੇ ਨਿਰਮਾਣ ਵਿੱਚ ਉੱਚ ਗੁਣਵੱਤਾ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਨੂੰ ਵੀ ਘਟੀਆ ਸਮੱਗਰੀ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਅਬੋਹਰ ਵਿੱਚ ਬਣ ਰਹੀਆਂ ਸੜਕਾਂ ਦੀ ਹਾਲਤ ਵੱਡੀਆਂ ਗੜਬੜੀਆਂ ਦੀ ਗਵਾਹੀ ਭਰਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

