AAP ਦੇ ਅੰਕੁਸ਼ ਮੁਟਨੇਜਾ ਬਣੇ Jalalabad MC ਦੇ ਪ੍ਰਧਾਨ
ਰਾਜੀਵ ਬਜਾਜ ਸੀਨੀਅਰ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ
ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਅੰਕੁਸ਼ ਮੁਟਨੇਜਾ ਨੂੰ ਸੋਮਵਾਰ ਨੂੰ ਹੋਈ ਚੋਣ ਦੌਰਾਨ ਜਲਾਲਾਬਾਦ ਮਿਉਂਸਪਲ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ।
ਉੱਥੇ ਹੀ ਰਾਜੀਵ ਬਜਾਜ ਸੀਨੀਅਰ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ ਹਨ।
ਨਵੀਂ ਚੁਣੀ ਗਈ ਮਿਉਂਸਪਲ ਕੌਂਸਲ ਦੀ ਪਹਿਲੀ ਮੀਟਿੰਗ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਮੌਜੂਦਗੀ ਵਿੱਚ ਹੋਈ। ਕੌਂਸਲ ਦੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਅਹੁਦੇ ਦੀ ਸਹੁੰ ਚੁੱਕੀ।
ਜ਼ਿਕਰਯੋਗ ਹੈ ਕਿ ਜਲਾਲਾਬਾਦ ਮਿਉਂਸਪਲ ਕੌਂਸਲ ਦੀਆਂ ਚੋਣਾਂ 5 ਜੁਲਾਈ ਨੂੰ ਹੋਈਆਂ ਸਨ। ਇਸ ਦੌਰਾਨ ਕੁੱਲ 17 ਵਾਰਡਾਂ ਵਿੱਚੋਂ 'ਆਪ' ਨੇ 12 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ ਨੇ ਚਾਰ ਅਤੇ ਸ਼੍ਰੋਮਣੀ ਅਕਾਲੀ ਦਲ (ਸਦ) ਨੇ ਇੱਕ ਸੀਟ ਜਿੱਤੀ ਸੀ।
ਇਸ ਜਿੱਤ ਨਾਲ ‘ਆਪ’ ਨੇ ਕਾਂਗਰਸ ਤੋਂ ਮਿਉਂਸਪਲ ਕੌਂਸਲ ਦੀ ਕਮਾਨ ਖੋਹ ਲਈ ਸੀ, ਜਿਸ ਨੇ 2021 ਤੋਂ 2026 ਤੱਕ ਇਸ ਸ਼ਹਿਰੀ ਸੰਸਥਾ ਦੀ ਅਗਵਾਈ ਕੀਤੀ ਸੀ।
ਉੱਥੇ ਹੀ ਚੋਣ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਕਿ ਨਵੀਂ ਚੁਣੀ ਗਈ ਕੌਂਸਲ ਪਾਰਟੀ ਦੇ ਚੋਣ ਵਾਅਦਿਆਂ ਨੂੰ ਪੂਰਾ ਕਰਨ 'ਤੇ ਧਿਆਨ ਦੇਵੇਗੀ, ਜਿਸ ਵਿੱਚ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ, ਸੜਕਾਂ ਅਤੇ ਨਾਲੀਆਂ ਦੀ ਮੁਰੰਮਤ ਕਰਨਾ, ਸਫ਼ਾਈ ਨੂੰ ਮਜ਼ਬੂਤ ਕਰਨਾ ਅਤੇ ਹੋਰ ਬੁਨਿਆਦੀ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਸ਼ਾਮਲ ਹੈ।

