ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ‘ਆਪ’ ਸਰਕਾਰ ਤੋਂ ਦੁੱਧ ਉਤਪਾਦਕਾਂ ਲਈ 300 ਕਰੋੜ ਰੁਪਏ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੰਪੀ ਸਕਿਨ ਕਾਰਨ ਵੱਡੇ ਪੱਧਰ ’ਤੇ ਪਸ਼ੂਆਂ ਦੀ ਮੌਤ ਹੋਣ ਕਾਰਨ ਦੁੱਧ ਉਤਪਾਦਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਸੁਖਬੀਰ ਨੇ ਕਿਹਾ ਕਿ ਲਾਗ ਦੀ ਬਿਮਾਰੀ ਕਾਰਨ ਸੂਬੇ ਵਿੱਚ 50 ਹਜ਼ਾਰ ਤੋਂ ਵੱਧ ਪਸ਼ੂ ਮਰੇ ਹਨ ਪਰ ਸਰਕਾਰ ਕਿਸਾਨਾਂ ਨੂੰ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਨਾਕਾਮੀ ਕਾਰਨ ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ਦੇ ਇਲਾਜ ’ਤੇ ਲੱਖਾਂ ਰੁਪਏ ਖਰਚ ਕਰਨੇ ਪਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਦੁੱਧ ਦਾ ਭਾਅ 55 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ ਕਰਨ ਦਾ ਕੀਤਾ ਵਾਅਦਾ ਵੀ ਪੂਰਾ ਕਰੇ। ਉਨ੍ਹਾਂ ਕਿਹਾ ਕਿ ਇਹ ਵਾਅਦਾ ਮਿਲਕਫੈੱਡ ਤੇ ਪੰਜਾਬ ਸਰਕਾਰ ਨੇ ਮਿਲ ਕੇ ਪੂਰਾ ਕਰਨਾ ਸੀ। ਉਨ੍ਹਾਂ ਕਿਹਾ ਕਿ ਮਿਲਕਫੈੱਡ ਨੇ ਤਾਂ 21 ਮਈ ਤੋਂ 20 ਰੁਪਏ ਪ੍ਰਤੀ ਕਿੱਲੋ ਫੈਟ ਕੀਮਤ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਆਪਣੇ ਵਾਅਦੇ ਦੀ ਪੂਰਤੀ ਲਈ ਕੋਈ ਕਦਮ ਨਹੀਂ ਚੁੱਕਿਆ। ਸੁਖਬੀਰ ਨੇ ਸੂਬਾ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਪਿੰਡ-ਪਿੰਡ ਪਸ਼ੂਆਂ ਦੇ ਟੀਕਾਕਰਨ ਕੈਂਪ ਲਗਾਉਣ ਦੀ ਅਪੀਲ ਕੀਤੀ।