ਸ਼ਗਨ ਕਟਾਰੀਆ
ਬਠਿੰਡਾ, 31 ਅਗਸਤ
ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਵਿੱਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਵਿਰੁੱਧ ਅੱਜ ਰੋਸ ਪ੍ਰਗਟਾਇਆ ਗਿਆ। ਫ਼ਾਇਰ ਬ੍ਰਿਗੇਡ ਚੌਕ ਵਿਚ ਹੋਏ ਮੁਜ਼ਾਹਰੇ ਦੌਰਾਨ ਨਾਅਰੇਬਾਜ਼ੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਗਏ। ਬੁਲਾਰਿਆਂ ਨੇ ਜਿੱਥੇ ਤਸ਼ੱਦਦ ਲਈ ਭਾਜਪਾ ਨੂੰ ਦੋਸ਼ੀ ਠਹਿਰਾਉਂਦਿਆਂ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ, ਉਥੇ ਇਸ ਕਾਰੇ ਲਈ ਜ਼ਿੰਮੇਵਾਰ ਐੱਸਡੀਐੱਮ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪ੍ਰਦਰਸ਼ਨ ਵਿਚ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ, ਐਡਵੋਕੇਟ ਨਵਦੀਪ ਸਿੰਘ ਜੀਦਾ, ਅੰਮ੍ਰਿਤ ਲਾਲ ਅਗਰਵਾਲ, ਗੁਰਜੰਟ ਸਿੰਘ ਸਿਵੀਆਂ, ਅਨਿਲ ਠਾਕੁਰ, ਰਾਕੇਸ਼ ਪੁਰੀ, ਜਤਿੰਦਰ ਭੱਲਾ, ਅਮਰਜੀਤ ਰਾਜਨ, ਬਲਕਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਮੁਹਾਲੀ(ਦਰਸ਼ਨ ਸਿੰਘ ਸੋਢੀ): ਕਰਨਾਲ ਵਿੱਚ ਕਿਸਾਨਾਂ ਉੱਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਦੇ ਵਾਲੰਟੀਅਰਾਂ ਅੱਜ ਇੱਥੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਫੇਜ਼-35 ਦੇ ਟਰੈਫ਼ਿਕ ਲਾਈਟ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਸਾੜ ਕੇ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਪ ਵਾਲੰਟੀਅਰਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੀਨੀਅਰ ਆਗੂ ਵਿਨੀਤ ਵਰਮਾ, ਕੁਲਜੀਤ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ, ਡਾ. ਸੰਨੀ ਆਹਲੂਵਾਲੀਆ ਨੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਇਸ ਮੌਕੇ ਮਹਿਲਾ ਵਿੰਗ ਪੰਜਾਬ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਕੌਰ, ਜਨਰਲ ਸਕੱਤਰ ਪ੍ਰਭਜੋਤ ਕੌਰ, ਐਡਵੋਕੇਟ ਅਮਰਦੀਪ ਕੌਰ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੰਨੂ, ਕੈਸ਼ੀਅਰ ਬੀਐਸ ਚਾਹਲ, ਮੀਡੀਆ ਇੰਚਾਰਜ ਜਸਪਾਲ ਸਿੰਘ ਕਾਊਦੀ, ਮਨਦੀਪ ਸਿੰਘ, ਸੁਭਾਸ਼ ਸ਼ਰਮਾ, ਮਲਵਿੰਦਰ ਸਿੰਘ ਕੰਗ, ਜੀਐਸ ਕਾਹਲੋਂ ਅਤੇ ਹੋਰ ਵਾਲੰਟੀਅਰ ਹਾਜ਼ਰ ਸਨ।