AAP ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਟਰੱਕ ਚਾਲਕ ਨੂੰ ਜੜਿਆ ਥੱਪੜ; ਵੀਡੀਓ ਵਾਇਰਲ
ਥੱਪੜ ਨਹੀਂ ਮਾਰਿਆ; ਲਾਪਰਵਾਹੀ ਨਾਲ ਵਾਹਨ ਚਲਾਉਣ ’ਤੇ ਸਿਰਫ਼ ਚਾਬੀ ਮੰਗੀ ਸੀ: ਵਿਧਾਇਕਾ ਛੀਨਾ
ਪੰਜਾਬ ਵਿੱਚ ਸੱਤਾ ਧਿਰ ਦੇ ਆਗੂਆਂ ਦੀ ਕਥਿਤ ਧੱਕੇਸ਼ਾਹੀ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਇਸ ਵਾਰ ਹਲਕਾ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਚਰਚਾ ਵਿੱਚ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਵਿਧਾਇਕਾ ਦੀ ਗੱਡੀ ਇੱਕ ਟਰੱਕ ਦੇ ਪਿੱਛੇ ਸੀ। ਟਰੱਕ ਚਾਲਕ ਵੱਲੋਂ ਲੰਘਣ ਲਈ ਰਾਹ ਦੇਣ ਵਿੱਚ ਦੇਰੀ ਹੋਣ ’ਤੇ ਵਿਧਾਇਕਾ ਕਥਿਤ ਤੌਰ ’ਤੇ ਨਰਾਜ਼ ਹੋ ਗਏ।
ਇਸ ਤੋਂ ਬਾਅਦ ਟਰੱਕ ਨੂੰ ਰੁਕਵਾਇਆ ਗਿਆ ਅਤੇ ਪਿੱਛੇ ਆ ਰਹੀ ਗੱਡੀ ਵਿੱਚੋਂ ਉੱਤਰ ਕੇ ਵਿਧਾਇਕਾ ਟਰੱਕ ਡਰਾਈਵਰ ਵੱਲ ਜਾਂਦੀ ਦਿਖਾਈ ਦਿੰਦੀ ਹੈ। ਉਸ ਨੇ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਿਹਾ ਅਤੇ ਉਸ ਨਾਲ ਬਹਿਸ ਕਰਨ ਲੱਗੀ। ਦੇਖਦੇ ਹੀ ਦੇਖਦੇ ਵਿਧਾਇਕਾ ਵੱਲੋਂ ਡਰਾਈਵਰ ਨੂੰ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ ਗਿਆ। ਚਸ਼ਮਦੀਦਾਂ ਅਨੁਸਾਰ ਡਰਾਈਵਰ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਉਸ ਨੂੰ ਥੱਪੜ ਮਾਰੇ ਜਾਣ ’ਤੇ ਹਰ ਕੋਈ ਹੈਰਾਨ ਸੀ।
ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ, ਆਪਣੇ ਬਚਾਅ ਵਿੱਚ 'ਆਪ' ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਇਹ ਘਟਨਾ ਡਾਬਾ ਰੋਡ ਦੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਇਲਾਕੇ ਵਿੱਚ ਭਾਰੀ ਵਾਹਨਾਂ ਦੇ ਲਾਂਘੇ ’ਤੇ ਰੋਕ ਲਗਾਉਣ ਲਈ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਪਹਿਲਾਂ ਹੀ ਸ਼ਿਕਾਇਤ ਕਰ ਚੁੱਕੇ ਹਨ।
ਵਿਧਾਇਕਾ ਨੇ ਕਿਹਾ, "ਮੈਨੂੰ ਇਲਾਕਾ ਨਿਵਾਸੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਇਹ ਟਰੱਕ ਚਾਲਕ ਵਾਹਨ ਨੂੰ ਬਹੁਤ ਲਾਪਰਵਾਹੀ ਨਾਲ ਚਲਾ ਰਿਹਾ ਸੀ। ਉਸ ਨੂੰ ਰੋਕਿਆ ਗਿਆ ਅਤੇ ਮੈਂ ਉਸ ਤੋਂ ਵਾਹਨ ਦੀਆਂ ਚਾਬੀਆਂ ਮੰਗੀਆਂ। ਵਿਰੋਧੀ ਧਿਰ ਮੈਨੂੰ ਬਦਨਾਮ ਕਰਨ ਲਈ ਇਸ ਘਟਨਾ ਨੂੰ ਗਲਤ ਰੂਪ ਦੇ ਰਹੀ ਹੈ ਕਿ ਮੈਂ ਡਰਾਈਵਰ ਨੂੰ ਥੱਪੜ ਮਾਰਿਆ ਹੈ, ਜਦੋਂ ਕਿ ਮੈਂ ਸਿਰਫ਼ ਡਰਾਈਵਰ ਤੋਂ ਚਾਬੀ ਲੈਣ ਲਈ ਹੱਥ ਉੱਪਰ ਕੀਤਾ ਸੀ।"
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਇਤਲਾਹ ਡਾਬਾ ਪੁਲੀਸ ਥਾਣੇ ਨੂੰ ਦਿੱਤੀ ਅਤੇ ਚਾਬੀਆਂ ਤੇ ਡਰਾਈਵਰ ਨੂੰ ਪੁਲੀਸ ਹਵਾਲੇ ਕਰ ਦਿੱਤਾ। ਵਿਧਾਇਕਾ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਤੰਗ ਹੋਣ ਕਾਰਨ ਅਜਿਹੀ ਤੇਜ਼ ਗਤੀ ਨਾਲ ਵਾਹਨ ਚਲਾਉਣਾ ਵਪਾਰ ਅਤੇ ਲੋਕਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇੱਕ ਵੀਡੀਓ ਹੈ, ਜਿਸ ਵਿੱਚ ਡਰਾਈਵਰ ਆਪਣੀ ਗਲਤੀ ਮੰਨ ਰਿਹਾ ਹੈ ਕਿ ਉਹ ਲਾਪਰਵਾਹੀ ਨਾਲ ਟਰੱਕ ਚਲਾ ਰਿਹਾ ਸੀ।

