ਫਿਰੋਜ਼ਪੁਰ ਜ਼ਿਲ੍ਹੇ ਵਿੱਚ ਚਾਰ ਹਥਿਆਰਬੰਦ ਹਮਲਾਵਰਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਕਤਲ ਚੋਣਾਂ ਨਾਲ ਸਬੰਧਤ ਵਿਵਾਦ ਕਾਰਨ ਹੋਇਆ ਹੈ।
ਕਾਰ ਵਿੱਚ ਸਵਾਰ ਚਾਰ ਹਮਲਾਵਰਾਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਇੱਥੇ ਮਮਦੋਟ ਦੇ ਮੁੱਖ ਬਾਜ਼ਾਰ ਵਿੱਚ ਆਪਣੀ ਕਾਰ ਤੋਂ ਹੇਠਾਂ ਉਤਰ ਕੇ 45 ਸਾਲਾ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਉਰਫ਼ ਹੈਪੀ (22) 'ਤੇ ਗੋਲੀਬਾਰੀ ਕੀਤੀ, ਜੋ ਮੋਟਰਸਾਈਕਲ 'ਤੇ ਸਵਾਰ ਸਨ।
ਸੂਤਰਾਂ ਅਨੁਸਾਰ, 'ਆਪ' ਵੱਲੋਂ ਮਮਦੋਟ ਨਗਰ ਪੰਚਾਇਤ ਦੇ ਨਵ-ਨਿਯੁਕਤ ਪ੍ਰਧਾਨ ਵਿੱਕੀ ਮੈਨੀ ਇੱਕ ਵੱਖਰੀ ਕਾਰ ਵਿੱਚ ਗੁਰਪ੍ਰੀਤ ਸਿੰਘ ਦੇ ਪਿੱਛੇ ਆ ਰਹੇ ਸਨ। ਉਹ ਵੀ ਹਮਲੇ ਦੀ ਚਪੇਟ ਵਿੱਚ ਆ ਗਏ ਪਰ ਵਾਲ-ਵਾਲ ਬਚ ਗਏ।
ਘਟਨਾ ਤੋਂ ਤੁਰੰਤ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 'ਆਪ' ਆਗੂ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਹਰਪ੍ਰੀਤ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਸੀਨੀਅਰ ਪੁਲੀਸ ਕਪਤਾਨ (ਐੱਸ ਐੱਸ ਪੀ) ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਪੁਲੀਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਐੱਸ ਐੱਸ ਪੀ ਨੇ ਕਿਹਾ ਕਿ ਇਹ ਕਤਲ ਹਾਲੀਆ ਨਗਰ ਕੌਂਸਲ ਚੋਣਾਂ ਨਾਲ ਜੁੜੀ ਨਿੱਜੀ ਰੰਜਿਸ਼ ਕਾਰਨ ਹੋਇਆ ਹੈ।

