ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਪਗ 15 ਗੈਂਗਸਟਰਾਂ ਨੂੰ ਚੋਣ ਮੈਦਾਨ ’ਚ ਉਤਾਰੇਗੀ, ਕਿਉਂਕਿ ਇਨ੍ਹਾਂ ਦਾ ਗੈਂਗਸਟਰਾਂ ਨਾਲ ਡੂੰਘਾ ਨਾਤਾ ਹੈ। ਇਨ੍ਹਾਂ ਗੈਂਗਸਟਰਾਂ ਨੂੰ ਅੰਦਰੂਨੀ ਤੌਰ ’ਤੇ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਹ ਅੱਜ ਇਥੇ ਕਾਂਗਰਸੀ ਵਰਕਰ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇੱਕ ਪਾਰਟੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੰਭਾਲ ਰੱਖਿਆ ਹੈ ਅਤੇ ਦੂਜੀ ਨੇ ਜੱਗੂ ਭਗਵਾਨਪੁਰੀਆ ਨੂੰ। ਕਾਂਗਰਸ ਹੀ ਪੰਜਾਬ ਅਤੇ ਦੇਸ਼ ਵਿੱਚ ਵਿਗੜ ਰਹੇ ਹਾਲਾਤ ਦਾ ਸਾਹਮਣਾ ਕਰ ਸਕਦੀ ਹੈ ਅਤੇ ਉਹੀ ਗੈਂਗਸਟਰਵਾਦ ਨੂੰ ਖ਼ਤਮ ਕਰੇਗੀ। ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਣਜੀਤ ਸਿੰਘ ਨਾਲ ਮੁੱਖ ਮੰਤਰੀ ਦੀ ਸਭਾ ਵਿੱਚ ਪੁਲੀਸ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਕੁੱਟਮਾਰ ਬਾਰੇ ਬਲਕੌਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਨੇ ਮੁਗਲ ਰਾਜ ਦੀ ਯਾਦ ਦਿਵਾ ਦਿੱਤੀ ਹੈ। ਇੰਨਾ ਜ਼ੁਲਮ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਸੰਯੋਗਪ੍ਰੀਤ ਸਿੰਘ ਡੈਵੀ ਤੇ ਮਨਜੀਤ ਰਾਣਾ ਮੌਜੂਦ ਸਨ।

