DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਸ਼ਿਆਂ ਬਾਰੇ ਰਾਹੁਲ ਦੇ ਬਿਆਨ ਮਗਰੋਂ ‘ਆਪ’ ਤੇ ਕਾਂਗਰਸ ਆਹਮੋ-ਸਾਹਮਣੇ

ਪੰਜਾਬ ਵਿੱਚ ਨਸ਼ੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀ ਦੇਣ: ਬਰਿੰਦਰ ਗੋਇਲ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ।
Advertisement

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ‘ਆਪ’ ਸਰਕਾਰ ਦੀ ਘੇਰਾਬੰਦੀ ਤੋਂ ਬਾਅਦ ਪੰਜਾਬ ’ਚ ਸਿਆਸਤ ਭਖ ਗਈ ਹੈ। ਇਸ ਮਾਮਲੇ ’ਤੇ ‘ਆਪ’ ਅਤੇ ਕਾਂਗਰਸ ਦੇ ਆਗੂ ਆਹਮੋ-ਸਾਹਮਣੇ ਹਨ, ਜਿਨ੍ਹਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਪੀੜਤ ਪਰਿਵਾਰ ਅਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਇਸ ਦੁਖਦਾਈ ਘਟਨਾ ’ਤੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀ ਦੇਣ ਹੈ, ਜਦੋਂ ਕਿ ‘ਆਪ’ ਨੇ ਨਸ਼ਿਆਂ ਦੇ ਖਾਤਮੇ ਲਈ ਕੰਮ ਕੀਤਾ ਹੈ।

ਬਰਿੰਦਰ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਲ 2017 ਦੌਰਾਨ ਲੋਕਾਂ ਨਾਲ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ, ਪਰ ਪੰਜ ਸਾਲਾਂ ਦੌਰਾਨ ਕੁਝ ਨਹੀਂ ਕਰ ਸਕੀ। ਹੁਣ ਜਦੋਂ ‘ਆਪ’ ਨਸ਼ਿਆਂ ਖ਼ਿਲਾਫ਼ ਕੰਮ ਕਰ ਰਹੀ ਹੈ ਤਾਂ ਕਾਂਗਰਸ ਸਣੇ ਹੋਰਨਾਂ ਸਿਆਸੀ ਧਿਰਾਂ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੜ੍ਹਬਾ ਵਿੱਚ ਪੀੜਤ ਪਰਿਵਾਰ ਨੇ ਗੁਲਜ਼ਾਰ ਸਿੰਘ ਦਾ ਸਸਕਾਰ ਆਪਣੀ ਮਰਜ਼ੀ ਅਨੁਸਾਰ ਕਰਨ ਦਾ ਫ਼ੈਸਲਾ ਕੀਤਾ ਸੀ, ਫਿਰ ਵੀ ਵਿਰੋਧੀ ਧਿਰ ਦੇ ਆਗੂ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੇ ਖ਼ੁਦ ਸਿਆਸੀ ਆਗੂਆਂ ਦੀ ਮੌਜੂਦਗੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ। ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪ’ ਦੇ ਕਿਸੇ ਮੰਤਰੀ ਜਾਂ ਵਿਧਾਇਕ ਦਾ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੂਜੇ ਪਾਸੇ, ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਸਥਿਤੀ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਨੇ ‘ਆਪ’ ਸਰਕਾਰ ਦੀ ਅਸਲ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ।

Advertisement

ਰਾਹੁਲ ਗਾਂਧੀ ਨੇ ਜਿਸ ਮੁੱਦੇ ਨੂੰ ਦੇਸ਼ ਦੇ ਸਾਹਮਣੇ ਰੱਖਿਆ, ਉਸੇ ਕਾਰਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ। ਜੇਕਰ ਸਰਕਾਰ ਦੇ ਦਾਅਵੇ ਸੱਚੇ ਹੁੰਦੇ ਤਾਂ ਇੰਨੀ ਤਿੱਖੀ ਪ੍ਰਤੀਕਿਰਿਆ ਦੇਣ ਦੀ ਲੋੜ ਹੀ ਨਾ ਪੈਂਦੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸਿਰਫ਼ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਨਾਲ ਜੁੜਿਆ ਇੱਕ ਗੰਭੀਰ ਮੁੱਦਾ ਚੁੱਕਿਆ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵਿਰੋਧੀ ਧਿਰ ’ਤੇ ਹਮਲੇ ਕਰਨ ਦੀ ਬਜਾਏ ਇਹ ਦੱਸਣਾ ਚਾਹੀਦਾ ਹੈ ਕਿ ਵਾਰ-ਵਾਰ ਪੰਜਾਬ ਨੂੰ ਨਸ਼ਾਮੁਕਤ ਦੱਸਣ ਦੇ ਦਾਅਵਿਆਂ ਦੇ ਬਾਵਜੂਦ ਇਹ ਮੁੱਦਾ ਅੱਜ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਕਿਉਂ ਬਣਿਆ ਹੋਇਆ ਹੈ।

Advertisement

ਰਾਹੁਲ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹੀ: ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਆਗੂਆਂ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ‘ਆਪ’ ਦੇ ਰਵੱਈਏ ਤੋਂ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਨੇ ਨਸ਼ਿਆਂ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਦਾ ਸੱਚ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸੱਚ ਬੋਲਣ ’ਤੇ ‘ਆਪ’ ਨੂੰ ਦਰਦ ਹੋ ਰਿਹਾ ਹੈ। ‘ਆਪ’ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋ ਗਿਆ ਹੈ, ਜਦੋਂ ਕਿ ਨਸ਼ਾ ਆਮ ਮਿਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵੱਲੋਂ ਨਸ਼ਿਆਂ ਬਾਰੇ ਸੂਬਾ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਹੈ ਜਾਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਨਾ ਸਿਰਫ਼ ‘ਆਪ’ ਨੂੰ ਪ੍ਰੇਸ਼ਾਨ ਕਰੇਗੀ, ਸਗੋਂ ਇਸ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗੀ। ‘ਆਪ’ ਸਰਕਾਰ ਦੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵਿਆਂ ਨੂੰ ਸਿਆਸੀ ਦਾਅਵਿਆਂ ਦੀ ਬਜਾਏ ਜ਼ਮੀਨੀ ਸਥਿਤੀ ਦੇ ਅਸਲ ਮੁਕਾਬਲੇ ਵਿੱਚ ਪਰਖਣ ਦੀ ਲੋੜ ਹੈ।

Advertisement
×