ਆਮ ਆਦਮੀ ਪਾਰਟੀ ’ਤੇ ਧਰਮ ਦੀ ਸਿਆਸਤ ਕਰਨ ਦੇ ਦੋਸ਼
ਅਯੁੱਧਿਆ ’ਚ ਰਾਮ ਮੰਦਰ ਦਾ ਵਿਰੋਧ ਕਰਨ ਵਾਲੇ ਕੇਜਰੀਵਾਲ ਪੰਜਾਬ ’ਚ ਮੰਦਰਾਂ ਦੀ ਗੱਲ ਕਰਨ ਲੱਗੇ: ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਉੱਤੇ ਧਰਮ ਦੀ ਸਿਆਸਤ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਹਿੰਦੂ ਧਰਮ ਅਤੇ ਮੰਦਰਾਂ ਦਾ ਕੀਤਾ ਜਾ ਰਿਹਾ ਜ਼ਿਕਰ ਮਹਿਜ਼ ’ਚੋਣਾਂ ਦੀ ਸਿਆਸਤ’ ਹੈ। ‘ਆਪ’ ਸੁਪਰੀਮੋ ਦਾ ਪੂਰਾ ਸਿਆਸੀ ਰਿਕਾਰਡ ਗਵਾਹ ਹੈ ਕਿ ਸਨਾਤਨ ਧਰਮ ਅਤੇ ਮੰਦਰ ਉਨ੍ਹਾਂ ਲਈ ਸਿਰਫ਼ ਵੋਟਾਂ ਬਟੋਰਨ ਦਾ ਜ਼ਰੀਆ ਹਨ, ਜਿਸ ਦੇ ਪਾਖੰਡ ਨੂੰ ਪੰਜਾਬ ਦੇ ਸੂਝਵਾਨ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਕੇਜਰੀਵਾਲ ਅਯੁੱਧਿਆ ਵਿਖੇ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਅਤੇ ਪਵਿੱਤਰ ਸਮਾਗਮ ਵਿੱਚ ਜਾਣ ਤੋਂ ਪਾਸਾ ਵੱਟ ਗਿਆ ਸੀ, ਉਹ ਅੱਜ ਪੰਜਾਬ ਦੀ ਧਰਤੀ ’ਤੇ ਆ ਕੇ ਹਿੰਦੂਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਪੂਰਾ ਦੇਸ਼ ਸ਼ਰਧਾ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ, ਉਦੋਂ ਕੇਜਰੀਵਾਲ ਦਿੱਲੀ ਬੈਠ ਕੇ ਸੁੰਦਰਕਾਂਡ ਦੇ ਪਾਠ ਦਾ ਸਿਆਸੀ ਡਰਾਮਾ ਰਚ ਰਹੇ ਸਨ।
ਉਨ੍ਹਾਂ ਕਿਹਾ ਕਿ ਜਨਵਰੀ 2025 ਵਿੱਚ ਕੇਜਰੀਵਾਲ ਨੇ ਰਾਵਣ ਬਾਰੇ ਗਲਤ ਅਤੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ਇਨਸਾਨ ਨੂੰ ਰਾਮਾਇਣ ਦੀ ਮੁੱਢਲੀ ਸਮਝ ਤੱਕ ਨਹੀਂ ਹੈ, ਉਹ ਅੱਜ ਪੰਜਾਬੀਆਂ ਨੂੰ ਧਰਮ ਦਾ ਪਾਠ ਪੜ੍ਹਾਉਣ ਤੁਰਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ 10 ਸਾਲਾਂ ਦੌਰਾਨ ਮੰਦਰਾਂ ਦੇ ਵਿਕਾਸ ਲਈ ਕੀ ਕੀਤਾ।
