ਪਿਛਲੇ ਇੱਕ ਹਫ਼ਤੇ ਦੌਰਾਨ ਫੇਜ਼ 11 ਦੇ ਆਮ ਆਦਮੀ ਕਲੀਨਿਕ ਵਿੱਚ ਚੋਰਾਂ ਨੇ ਦੋ ਦਿਨਾਂ ਵਿੱਚ ਦੋ ਵਾਰ ਸੰਨ੍ਹ ਲਾਈ ਹੈ। 26 ਜੁਲਾਈ ਨੂੰ ਚੋਰਾਂ ਨੇ ਵਿੰਡੋ ਏ ਸੀ, ਐੱਲ ਸੀ ਡੀ, ਸੈਨੇਟਰੀ ਦਾ ਸਾਮਾਨ, ਮੈਡੀਕਲ ਉਪਕਰਣ ਤੇ ਹੋਰ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਅਤੇ ਮੰਗਲਵਾਰ ਨੂੰ ਉਹ ਦੁਬਾਰਾ ਆਏ ਅਤੇ ਕੁਝ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ।
ਮੈਡੀਕਲ ਸਟਾਫ਼ ਨੇ ਦੱਸਿਆ ਕਿ ਚੋਰ ਪਿਛਲੇ ਪਾਸਿਓਂ ਦਾਖ਼ਲ ਹੋਏ ਅਤੇ ਮੈਡੀਕਲ ਅਫ਼ਸਰ ਦੇ ਕਮਰੇ ਵਿੱਚੋਂ ਵਿੰਡੋ ਏ ਸੀ ਚੋਰੀ ਕਰ ਲਿਆ। ਪੁਲੀਸ ਨੂੰ ਤੁਰੰਤ ਸੂਚਨਾ ਦਿੱਤੀ ਗਈ ਪਰ ਫੇਜ਼ 11 ਥਾਣੇ ਤੋਂ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ। ਇਸ ਤੋਂ ਅਗਲੀ ਰਾਤ ਬਦਮਾਸ਼ਾਂ ਨੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦਾਨੀ ਸੱਜਣਾਂ ਨੇ ਇੱਥੇ ਸੈਨੇਟਰੀ ਦਾ ਸਾਮਾਨ ਮੁੜ ਲਗਵਾਇਆ ਸੀ ਕਿਉਂਕਿ ਰਾਤ ਨੂੰ ਚੌਕੀਦਾਰ ਨਾ ਹੋਣ ਕਾਰਨ ਇਹ ਸਾਮਾਨ ਪਹਿਲਾਂ ਵੀ ਚੋਰੀ ਹੋ ਚੁੱਕਾ ਸੀ।
ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ
ਉੱਥੇ ਹੀ ਅੱਜ ਚਨਾਲੋਂ (ਕੁਰਾਲੀ) ਦੇ ਫੋਕਲ ਪੁਆਇੰਟ ਵਿਖੇ ਇੱਕ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨਵੇਂ ਕਲੀਨਿਕ ਦੇ ਸ਼ੁਰੂ ਹੋਣ ਨਾਲ ਹਜ਼ਾਰਾਂ ਫੈਕਟਰੀ ਕਾਮਿਆਂ, ਮੁਲਾਜ਼ਮਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਕਰਨ ਦੀਆਂ ਥਾਵਾਂ ਅਤੇ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਮਿਲਣਗੀਆਂ।
ਇਹ ਕਲੀਨਿਕ ਮਾਹਰ ਡਾਕਟਰਾਂ ਵੱਲੋਂ ਮੁਫ਼ਤ ਸਲਾਹ, ਜ਼ਰੂਰੀ ਦਵਾਈਆਂ, ਲੈਬਾਰਟਰੀ ਟੈਸਟ, ਸ਼ੂਗਰ ਅਤੇ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਵਰਗੀਆਂ ਬਿਮਾਰੀਆਂ ਦੀ ਜਾਂਚ ਤੇ ਇਲਾਜ, ਗਰਭਵਤੀ ਔਰਤਾਂ ਲਈ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਅਤੇ ਮੁੱਢਲੀ ਸਿਹਤ ਸੰਭਾਲ ਨਾਲ ਜੁੜੀਆਂ ਕਈ ਹੋਰ ਸੇਵਾਵਾਂ ਮੁਹੱਈਆ ਕਰਵਾਏਗਾ।

