ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ’ਚ ਸੁਰੱਖਿਆ ਦੇ ਮਾਮਲੇ ’ਤੇ ਜੰਗ ਭਖ ਗਈ ਹੈ। ਠੀਕ ਜਦੋਂ ਪੰਜਾਬ ਮਹਾਂਮਾਰੀ ਨੂੰ ਝੱਲ ਰਿਹਾ ਹੈ, ਉਦੋਂ ਦੋਵੇਂ ਆਗੂ ਇੱਕ-ਦੂਜੇ ਨੂੰ ਸਿਆਸੀ ਠਿੱਬੀ ਲਾਉਣ ਲਈ ਆਪਸ ’ਚ ਉਲਝ ਗਏ ਹਨ। ਸੰਸਦ ਮੈਂਬਰ ਸ੍ਰੀ ਬਾਜਵਾ ਵੱਲੋਂ ਅੱਜ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੇ ਪੱਤਰ ਤੋਂ ਮੁੱਖ ਮੰਤਰੀ ਖ਼ਫਾ ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ੍ਰੀ ਬਾਜਵਾ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਾਂਗਰਸ ਹਾਈਕਮਾਨ ਕੋਲ ਜਾਣ ਜਾਂ ਫਿਰ ਉਨ੍ਹਾਂ (ਅਮਰਿੰਦਰ) ਨੂੰ ਲਿਖਣ।
ਸੰਸਦ ਮੈਂਬਰ ਸ੍ਰੀ ਬਾਜਵਾ ਨੇ ਅੱਜ ਪੱਤਰ ਲਿਖ ਕੇ ਡੀਜੀਪੀ ਦਿਨਕਰ ਗੁਪਤਾ ‘ਤੇ ਉਂਗਲ ਚੁੱਕੀ ਹੈ ਅਤੇ ਸੁਰੱਖਿਆ ਦੇਣ ਲਈ ਖ਼ਤਰਾ ਹੋਣ ਦੀਆਂ ਰਿਪੋਰਟਾਂ ‘ਤੇ ਸਿਆਸਤ ਭਾਰੂ ਹੋਣ ਦੀ ਗੱਲ ਆਖੀ ਹੈ। ਸ੍ਰੀ ਬਾਜਵਾ ਨੇ ਇਨ੍ਹਾਂ ਰਿਪੋਰਟਾਂ ਦਾ ਸਿਆਸੀਕਰਨ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲੀਸ ਵੱਲੋਂ ਵਾਪਸ ਲਈ ਸੁਰੱਖਿਆ ਦੀ ਬਹਾਲੀ ਲਈ ਇਹ ਪੱਤਰ ਨਹੀਂ ਲਿਖ ਰਹੇ ਬਲਕਿ ਸੁਰੱਖਿਆ ਵਾਪਸੀ ਲਈ ਬਣਾਏ ਜਾਂਦੇ ਆਧਾਰਾਂ ਦੇ ਸਿਆਸੀਕਰਨ ‘ਤੇ ਗਿਲਾ ਕਰ ਰਹੇ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਅਤਿਵਾਦ ਖ਼ਿਲਾਫ਼ ਲੜਾਈ ਲੜੀ ਹੈ ਅਤੇ ਇਸ ਤੋਂ ਇਲਾਵਾ ਮਾਫ਼ੀਆ ਖ਼ਿਲਾਫ਼ ਵੀ ਉਹ ਲਗਾਤਾਰ ਲੜਾਈ ਲੜ ਰਹੇ ਹਨ। ਪੰਜਾਬ ਸਰਕਾਰ ਨੇ ਜਿਸ ਆਧਾਰ ‘ਤੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਹੈ, ਕੀ ਉਸ ਆਧਾਰ ‘ਤੇਬਾਦਲ ਪਰਿਵਾਰ ਜਾਂ ਮਜੀਠੀਆ ਦੀ ਸੁਰੱਖਿਆ ਵਾਪਸ ਲਈ ਜਾਵੇਗੀ? ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀਆਂ ਦੀ ਰਿਪੋਰਟ ‘ਤੇ ਯੂਪੀਏ ਸਰਕਾਰ ਵੱਲੋਂ ਸਾਲ 2013 ਵਿੱਚ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਸੁਰੱਖਿਆ ਵਾਪਸ ਲੈ ਲਈ ਅਤੇ ਮਾਰਚ 2020 ’ਚ ਸੁਰੱਖਿਆ ਬਹਾਲ ਕਰ ਦਿੱਤੀ। ਸ੍ਰੀ ਬਾਜਵਾ ਨੇ ਡੀਜੀਪੀ ਦੀ ਨਿਰਪੱਖਤਾ ‘ਤੇ ਸਿੱਧੀ ਉਂਗਲ ਉਠਾਈ ਹੈ।
ਦੱਸਣਯੋਗ ਹੈ ਕਿ ਸ਼ਰਾਬ ਮਾਫ਼ੀਆ ਖ਼ਿਲਾਫ਼ ਜਨਤਕ ਤੌਰ ‘ਤੇ ਆਵਾਜ਼ ਚੁੱਕਣ ਮਗਰੋਂ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਕਾਫ਼ੀ ਵਧ ਗਈ ਹੈ। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਸ੍ਰੀ ਬਾਜਵਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਸੀ। ਮੁੱਖ ਮੰਤਰੀ ਨੇ ਅੱਜ ਡੀਜੀਪੀ ਦੀ ਨਿਰਪੱਖਤਾ ‘ਤੇ ਮੋਹਰ ਲਾਉਂਦੇ ਹੋਏ ਸ੍ਰੀ ਬਾਜਵਾ ਨੂੰ ਤਾੜਿਆ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਪੱਤਰ ਲਿਖਣਾ ਬਾਜਵਾ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ‘ਤੇ ਖ਼ੁਦ ਸੁਰੱਖਿਆ ਵਾਪਸੀ ਦਾ ਫ਼ੈਸਲਾ ਲਿਆ ਹੈ, ਜੇਕਰ ਕੋਈ ਗਿਲਾ ਹੈ ਤਾਂ ਸ੍ਰੀ ਬਾਜਵਾ ਡੀਜੀਪੀ ਦੀ ਥਾਂ ਉਨ੍ਹਾਂ ਨੂੰ ਪੱਤਰ ਲਿਖਣ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਬਾਜਵਾ ਨੂੰ ਉਨ੍ਹਾਂ ਤੇ ਜਾਂ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਤਾਂ ਉਹ ਹਾਈਕਮਾਨ ਕੋਲ ਕਿਉਂ ਨਹੀਂ ਜਾਂਦੇ। ਮੁੱਖ ਮੰਤਰੀ ਨੇ ਕਿਹਾ ਕਿ ਇਕੱਲੇ ਸ੍ਰੀ ਬਾਜਵਾ ਦੀ ਸੁਰੱਖਿਆ ਨਹੀਂ ਬਲਕਿ ਕੋਵਿਡ- 19 ਕਾਰਨ 6500 ਹੋਰ ਸੁਰੱਖਿਆ ਮੁਲਾਜ਼ਮ ਵੀ ਵਾਪਸ ਬੁਲਾਏ ਗਏ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕੀਤਾ ਕਿ ਕੇਂਦਰੀ ਸੁਰੱਖਿਆ ਮਿਲਣ ਮਗਰੋਂ ਹੀ ਸ੍ਰੀ ਬਾਜਵਾ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਆਉਂਦੇ ਦਿਨਾਂ ਵਿੱਚ ਇਹ ਸਿਆਸੀ ਮੁਹਾਜ਼ ਹੋਰ ਭਖਣ ਦੀ ਸੰਭਾਵਨਾ ਹੈ।
ਸਿਆਸੀ ਆਗੂਆਂ ਤੇ ਪੁਲੀਸ ਦੀ ਸ਼ਹਿ ਨਾਲ ਵਿਕਦੇ ਨੇ ਨਸ਼ੇ: ਦੂਲੋ
ਰਈਆ: ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਾ ਸਿਆਸੀ ਆਗੂਆਂ ਅਤੇ ਪੁਲੀਸ ਦੀ ਸ਼ਹਿ ਨਾਲ ਹੀ ਵਿਕਦਾ ਹੈ। ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਥਾਂ-ਥਾਂ ਵਿਕਦੀ ਹੈ ਅਤੇ ਚਿੱਟਾ ਵੀ ਵਿਕ ਰਿਹਾ ਹੈ। ਊਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦੀ ਜ਼ਿੰਮੇਵਾਰ ਮੌਜੂਦਾ ਪੰਜਾਬ ਸਰਕਾਰ ਹੈ। ਇਸ ਵੇਲੇ ਅਕਾਲੀ ਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ।